ਭਾਰਤੀ ਕ੍ਰਿਕਟ ਟੀਮ ਅਤੇ ਨਿਊਜ਼ੀਲੈਂਡ ਵਿਚਾਲੇ ਮੰਗਲਵਾਰ ਨੂੰ ਮੀਂਹ ਕਾਰਨ ਤੀਸਰਾ ਅਤੇ ਆਖਰੀ ਟੀ-20 ਮੈਚ ਟਾਈ ਰਿਹਾ। ਇਸ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਤੇ 1-0 ਨਾਲ ਕਬਜ਼ਾ ਕਰ ਲਿਆ। ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਨਹੀਂ ਖੇਡਿਆ ਜਾ ਸਕਿਆ ਸੀ। ਇਸ ਤੋਂ ਬਾਅਦ ਭਾਰਤ ਨੇ ਦੂਜਾ ਮੈਚ ਜਿੱਤ ਕੇ ਸੀਰੀਜ਼ ਵਿਚ ਬੜ੍ਹਤ ਬਣਾ ਲਈ ਸੀ। ਤੀਜੇ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੇਜ਼ਬਾਨ ਟੀਮ 19.4 ਓਵਰਾਂ ‘ਚ 160 ਦੌੜਾਂ ‘ਤੇ ਢੇਰ ਹੋ ਗਈ ਸੀ। ਇਸ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਨੌਂ ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 75 ਦੌੜਾਂ ਬਣਾਈਆਂ ਸਨ ਪਰ ਫਿਰ ਮੀਂਹ ਆ ਗਿਆ ਅਤੇ ਮੈਚ ਨਹੀਂ ਖੇਡਿਆ ਜਾ ਸਕਿਆ। ਅੰਪਾਇਰਾਂ ਨੇ ਮੈਚ ਟਾਈ ਕਰ ਦਿੱਤਾ।
ਨਿਊਜ਼ੀਲੈਂਡ ਲਈ ਡੇਵੋਨ ਕੋਨਵੇ ਨੇ ਇਸ ਮੈਚ ‘ਚ ਸ਼ਾਨਦਾਰ ਅਰਧ ਸੈਂਕੜਾ ਲਗਾਇਆ ਸੀ। ਕੋਨਵੇ ਨੇ 49 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 59 ਦੌੜਾਂ ਦੀ ਪਾਰੀ ਖੇਡੀ ਸੀ। ਕੋਨਵੇ ਤੋਂ ਇਲਾਵਾ ਗਲੇਨ ਫਿਲਿਪਸ ਨੇ 33 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ ਸੀ। ਨਿਕੇਲ ਕ੍ਰਾਮ ਹਾਲਾਂਕਿ ਕੁੱਝ ਕਮਾਲ ਨਹੀਂ ਕਰ ਸਕਿਆ ਅਤੇ ਇਸ ਕਾਰਨ ਕੀਵੀ ਟੀਮ ਵੱਡੇ ਸਕੋਰ ਤੱਕ ਨਹੀਂ ਜਾ ਸਕੀ।
ਭਾਰਤ ਦੇ ਸਾਹਮਣੇ ਟੀਚਾ ਬਹੁਤ ਵੱਡਾ ਨਹੀਂ ਸੀ ਪਰ ਉਸ ਨੂੰ ਚੰਗੀ ਸ਼ੁਰੂਆਤ ਨਹੀਂ ਮਿਲੀ। ਰਿਸ਼ਭ ਪੰਤ ਅਤੇ ਈਸ਼ਾਨ ਕਿਸ਼ਨ ਦੀ ਸਲਾਮੀ ਜੋੜੀ ਜਲਦੀ ਪਵੇਲੀਅਨ ਪਰਤ ਗਈ। ਐਡਮ ਮਿਲਨੇ ਨੇ ਦੂਜੇ ਓਵਰ ਦੀ ਆਖਰੀ ਗੇਂਦ ‘ਤੇ ਕਿਸ਼ਨ (10) ਨੂੰ ਆਊਟ ਕੀਤਾ। ਪੰਤ ਟਿਮ ਸਾਊਦੀ ਦਾ ਸ਼ਿਕਾਰ ਬਣੇ। ਉਹ ਸਿਰਫ਼ 11 ਦੌੜਾਂ ਹੀ ਬਣਾ ਸਕਿਆ। ਸਾਊਦੀ ਦੀ ਗੇਂਦ ‘ਤੇ ਸ਼੍ਰੇਅਸ ਅਈਅਰ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਸੂਰਿਆਕੁਮਾਰ ਯਾਦਵ ਵੀ ਇਸ ਮੈਚ ਵਿੱਚ ਸਿਰਫ਼ 16 ਦੌੜਾਂ ਹੀ ਬਣਾ ਸਕੇ ਅਤੇ ਈਸ਼ ਸੋਢੀ ਦੀ ਗੇਂਦ ’ਤੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਹਾਰਦਿਕ ਪਾਂਡਿਆ ਅਤੇ ਦੀਪਕ ਹੁੱਡਾ ‘ਤੇ ਟੀਮ ਨੂੰ ਜਿੱਤ ਦਿਵਾਉਣ ਦੀ ਜ਼ਿੰਮੇਵਾਰੀ ਸੀ। ਜਦੋਂ ਮੀਂਹ ਪੈਣ ਲੱਗਾ ਤਾਂ ਇਹ ਦੋਵੇ ਅੱਗੇ ਵੱਧ ਰਹੇ ਸੀ ਪੈ ਮੀਂਹ ਕਾਰਨ ਮੈਚ ਰੋਕ ਦਿੱਤਾ ਗਿਆ। ਉਦੋਂ ਪਾਂਡਿਆ 30 ਅਤੇ ਹੁੱਡਾ 9 ਦੌੜਾਂ ਬਣਾ ਕੇ ਖੇਡ ਰਹੇ ਸਨ। ਅੰਪਾਇਰਾਂ ਨੇ ਦੇਖਿਆ ਕਿ ਮੈਚ ਖੇਡਣ ਯੋਗ ਨਹੀਂ ਸੀ ਅਤੇ ਇਸ ਲਈ ਮੈਚ ਰੱਦ ਕਰ ਦਿੱਤਾ ਗਿਆ।