ਭਾਰਤ ਅਤੇ ਨਿਊਜ਼ੀਲੈਂਡ (IND vs NZ) ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਐਤਵਾਰ 27 ਨਵੰਬਰ ਨੂੰ ਖੇਡਿਆ ਜਾਵੇਗਾ। ਇਹ ਮੈਚ ਹੈਮਿਲਟਨ ਦੇ ਸਿਡਨ ਪਾਰਕ ‘ਚ ਖੇਡਿਆ ਜਾਵੇਗਾ। ਸੀਰੀਜ਼ ਦਾ ਪਹਿਲਾ ਮੈਚ ਹਾਰਨ ਤੋਂ ਬਾਅਦ ਭਾਰਤੀ ਟੀਮ ਲਈ ਇਹ ‘ਕਰੋ ਜਾਂ ਮਰੋ’ ਦਾ ਮੈਚ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਆਕਲੈਂਡ ਵਿੱਚ ਖੇਡੇ ਗਏ ਆਖਰੀ ਵਨਡੇ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ ਸੀ।
ਭਾਰਤੀ ਟੀਮ ਨੇ ਪਿਛਲੇ ਮੈਚ ‘ਚ ਬੱਲੇਬਾਜ਼ੀ ‘ਚ ਬਿਹਤਰ ਪ੍ਰਦਰਸ਼ਨ ਕੀਤਾ ਸੀ ਪਰ ਗੇਂਦਬਾਜ਼ੀ ਪੂਰੀ ਤਰ੍ਹਾਂ ਫਲਾਪ ਰਹੀ ਸੀ। ਉਮਰਾਨ ਮਲਿਕ ਤੋਂ ਇਲਾਵਾ ਟੀਮ ਇੰਡੀਆ ਦੇ ਬਾਕੀ ਗੇਂਦਬਾਜ਼ ਬੇਰੰਗ ਨਜ਼ਰ ਆਏ ਸੀ। ਇਸ ਮੈਚ ‘ਚ ਟੀਮ ਇੰਡੀਆ ਨੂੰ ਆਪਣੀ ਗੇਂਦਬਾਜ਼ੀ ਅਤੇ ਰਣਨੀਤੀ ‘ਤੇ ਖਾਸ ਮਿਹਨਤ ਕਰਨੀ ਪਵੇਗੀ। ਇਸ ਮੈਦਾਨ ‘ਤੇ ਟੀਮ ਇੰਡੀਆ ਦਾ ਰਿਕਾਰਡ ਚੰਗਾ ਨਹੀਂ ਰਿਹਾ ਹੈ। ਇੱਥੇ ਭਾਰਤੀ ਟੀਮ ਨੇ 11 ਵਨਡੇ ਖੇਡੇ ਹਨ, ਜਿਸ ‘ਚ ਉਸ ਨੇ 3 ਜਿੱਤੇ ਹਨ ਅਤੇ 8 ਹਾਰੇ ਹਨ। ਇਸ ਦੇ ਉਲਟ ਨਿਊਜ਼ੀਲੈਂਡ ਨੇ ਇਸ ਮੈਦਾਨ ‘ਤੇ 32 ‘ਚੋਂ 23 ਵਨਡੇ ਜਿੱਤੇ ਹਨ। ਉਂਝ, ਓਵਰਆਲ ਵਨਡੇ ਰਿਕਾਰਡ ‘ਚ ਭਾਰਤੀ ਟੀਮ ਦਾ ਹੀ ਪੱਲੜਾ ਭਾਰੀ ਹੈ। ਦੋਵਾਂ ਵਿਚਾਲੇ 111 ਮੈਚਾਂ ‘ਚ ਭਾਰਤ ਨੇ 55 ਅਤੇ ਨਿਊਜ਼ੀਲੈਂਡ ਨੇ 50 ਮੈਚ ਜਿੱਤੇ ਹਨ। ਇੱਕ ਮੈਚ ਟਾਈ ਰਿਹਾ ਅਤੇ 5 ਮੈਚ ਨਿਰਣਾਇਕ ਰਹੇ।