ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਲਈ ਇੱਕ ਦਿਨ ਬਾਕੀ ਹੈ। ਇਸ ਟੀ-20 ਸੀਰੀਜ਼ ਦਾ ਪਹਿਲਾ ਮੈਚ 27 ਜਨਵਰੀ ਨੂੰ ਖੇਡਿਆ ਜਾਵੇਗਾ। ਇਹ ਮੈਚ ਰਾਂਚੀ ਦੇ JSCA ਇੰਟਰਨੈਸ਼ਨਲ ਸਟੇਡੀਅਮ ‘ਚ ਹੋਵੇਗਾ। ਟੀਮ ਇੰਡੀਆ ਪਹਿਲਾਂ ਹੀ ਨਿਊਜ਼ੀਲੈਂਡ ਨੂੰ ਵਨਡੇ ਸੀਰੀਜ਼ ‘ਚ ਵ੍ਹਾਈਟਵਾਸ਼ ਕਰ ਚੁੱਕੀ ਹੈ। ਅਜਿਹੇ ‘ਚ ਭਾਰਤੀ ਟੀਮ ਦੇ ਇਰਾਦੇ ਬੁਲੰਦ ਹਨ। ਕੀਵੀਜ਼ ਖਿਲਾਫ ਟੀ-20 ਸੀਰੀਜ਼ ‘ਚ ਭਾਰਤ ਦਾ ਦਬਦਬਾ ਬਰਕਰਾਰ ਰਹੇਗਾ ਕਿਉਂਕਿ ਨਿਊਜ਼ੀਲੈਂਡ ਦੀ ਟੀਮ ਪਿਛਲੇ 11 ਸਾਲਾਂ ਤੋਂ ਭਾਰਤ ‘ਚ ਟੀ-20 ਸੀਰੀਜ਼ ਨਹੀਂ ਜਿੱਤ ਸਕੀ ਹੈ। ਆਓ ਤੁਹਾਨੂੰ ਮੈਚ ਤੋਂ ਪਹਿਲਾਂ ਰਾਂਚੀ ਦੇ ਮੌਸਮ ਅਤੇ ਪਿੱਚ ਬਾਰੇ ਦੱਸਦੇ ਹਾਂ।
ਮੌਸਮ ਵਿਭਾਗ ਮੁਤਾਬਿਕ ਭਾਰਤ ਅਤੇ ਨਿਊਜ਼ੀਲੈਂਡ ਦੇ ਟੀ-20 ਮੈਚ ਵਾਲੇ ਦਿਨ 27 ਜਨਵਰੀ ਨੂੰ ਰਾਂਚੀ ਦਾ ਮੌਸਮ ਕ੍ਰਿਕਟ ਲਈ ਅਨੁਕੂਲ ਰਹੇਗਾ। ਸ਼ੁੱਕਰਵਾਰ ਨੂੰ ਇੱਥੇ ਦਿਨ ਦਾ ਤਾਪਮਾਨ 21 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਰਾਤ ਦੇ ਸਮੇਂ ਇਸ ਵਿੱਚ ਗਿਰਾਵਟ ਆਵੇਗੀ ਅਤੇ ਪਾਰਾ 17 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ। ਰਾਂਚੀ ਵਿੱਚ ਪੂਰਾ ਦਿਨ ਅਤੇ ਮੈਚ ਦੌਰਾਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਮੁਤਾਬਿਕ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲਾ ਪਹਿਲਾ ਟੀ-20 ਮੈਚ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਹੋਵੇਗਾ।
ਰਾਂਚੀ ਵਿੱਚ ਜੇਐਸਸੀਏ ਇੰਟਰਨੈਸ਼ਨਲ ਸਟੇਡੀਅਮ ਭਾਰਤ ਦੇ ਹੋਰ ਮੈਦਾਨਾਂ ਨਾਲੋਂ ਥੋੜ੍ਹਾ ਵੱਖਰਾ ਹੈ। ਇਹ ਇੱਕ ਵੱਡਾ ਮੈਦਾਨ ਹੈ ਜਿੱਥੇ ਸਪਿਨਰਾਂ ਦਾ ਸਫਲਤਾ ਦਾ ਇਤਿਹਾਸ ਹੈ। ਇੱਥੇ ਸਪਿਨ ਗੇਂਦਬਾਜ਼ ਕਾਰਗਰ ਸਾਬਿਤ ਹੋਣਗੇ। ਇਸ ਤੋਂ ਪਹਿਲਾਂ ਰਾਂਚੀ ਵਿੱਚ ਤਿੰਨ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਸਾਲ 2016 ‘ਚ ਇੱਥੇ ਹੋਏ ਟੀ-20 ਮੈਚ ‘ਚ 196 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਇੱਕ ਵਾਰ 118 ਅਤੇ ਇੱਕ ਵਾਰ 196 ਦੌੜਾਂ ਬਣਾਈਆਂ। ਰਾਂਚੀ ‘ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਫਾਇਦੇ ‘ਚ ਹੋ ਸਕਦੀ ਹੈ।