ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਵੀਰਵਾਰ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਪਾਕਿਸਤਾਨ ਦੀ ਟੀਮ ਨੇ ਬੁੱਧਵਾਰ ਨੂੰ ਸਿਡਨੀ ਕ੍ਰਿਕਟ ਗਰਾਊਂਡ ‘ਤੇ ਖੇਡੇ ਗਏ ਪਹਿਲੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਸੀ। ਪਾਕਿਸਤਾਨ ਦੀ ਟੀਮ 2009 ਤੋਂ ਬਾਅਦ ਪਹਿਲੀ ਵਾਰ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੀ। ਅਜਿਹੇ ‘ਚ ਟੀਮ ਇੰਡੀਆ ਵੀ 2014 ਤੋਂ ਬਾਅਦ ਪਹਿਲੀ ਵਾਰ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰਨ ਲਈ ਉਤਰੇਗੀ।
2014 ‘ਚ ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਸ਼੍ਰੀਲੰਕਾ ਤੋਂ ਹਾਰ ਗਈ ਸੀ। ਭਾਰਤ ਅਤੇ ਇੰਗਲੈਂਡ ਵਿਚਾਲੇ ਐਡੀਲੇਡ ਓਵਲ ‘ਚ ਮੈਚ ਖੇਡਿਆ ਜਾਣਾ ਹੈ। ਭਾਰਤ ਨੇ ਇਸ ਮੈਦਾਨ ‘ਤੇ ਹੁਣ ਤੱਕ ਦੋ ਟੀ-20 ਖੇਡੇ ਹਨ ਅਤੇ ਦੋਵੇਂ ਜਿੱਤੇ ਹਨ। 2016 ਵਿੱਚ ਭਾਰਤ ਨੇ ਇੱਥੇ ਆਸਟਰੇਲੀਆ ਨੂੰ 37 ਦੌੜਾਂ ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਇਸ ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਨੂੰ ਪੰਜ ਦੌੜਾਂ ਨਾਲ ਹਰਾਇਆ ਸੀ।
ਭਾਰਤ ਅਤੇ ਇੰਗਲੈਂਡ ਟੀ-20 ਵਿੱਚ 22 ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੇ ਹਨ। ਇਸ ‘ਚੋਂ ਭਾਰਤ ਨੇ 12 ਮੈਚ ਜਿੱਤੇ, ਜਦਕਿ ਇੰਗਲੈਂਡ ਦੀ ਟੀਮ ਨੇ 10 ਮੈਚ ਜਿੱਤੇ। ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ 1987 (35 ਸਾਲਾਂ ਬਾਅਦ) ਤੋਂ ਬਾਅਦ ਪਹਿਲੀ ਵਾਰ ਕਿਸੇ ਵਿਸ਼ਵ (ODI/T20) ਦੇ ਸੈਮੀਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹਿਲੀ ਵਾਰ ਆਹਮੋ-ਸਾਹਮਣੇ ਹੋ ਰਹੀਆਂ ਹਨ। ਇਸ ਦੇ ਨਾਲ ਹੀ ਦੋਵੇਂ ਟੀਮਾਂ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਦੋ ਵਾਰ (1983 ਅਤੇ 1987) ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇੱਕ ਮੈਚ ਭਾਰਤ ਨੇ ਅਤੇ ਇੱਕ ਮੈਚ ਇੰਗਲੈਂਡ ਨੇ ਜਿੱਤਿਆ ਸੀ।