ਲਾਰਡਸ ਤੋਂ ਲੀਡਸ ਤੱਕ ਦੇ ਸਫ਼ਰ ਵਿੱਚ ਟੀਮ ਇੰਡੀਆ ਦੇ ਪ੍ਰਦਰਸ਼ਨ ਵਿੱਚ ਬਹੁਤ ਗਿਰਾਵਟ ਆਈ ਹੈ। ਇੰਗਲੈਂਡ ਵਿਰੁੱਧ ਟੈਸਟ ਲੜੀ ਦੇ ਤੀਜੇ ਮੈਚ ਦੀ ਪਹਿਲੀ ਪਾਰੀ ਵਿੱਚ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਸਿਰਫ 78 ਦੌੜਾਂ ‘ਤੇ ਸਿਮਟ ਗਈ ਹੈ। ਜਦਕਿ ਸਿਰਫ ਦੋ ਬੱਲੇਬਾਜ਼ ਹੀ ਦੋਹਰਾ ਅੰਕੜਾ ਪਾਰ ਕਰ ਸਕੇ ਹਨ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 19 ਅਤੇ ਉਪ ਕਪਤਾਨ ਅਜਿੰਕਯ ਰਹਾਣੇ ਨੇ 18 ਦੌੜਾਂ ਬਣਾਈਆਂ ਹਨ।
ਇਸ ਤੋਂ ਇਲਾਵਾ ਤਿੰਨ ਬੱਲੇਬਾਜ਼ ਜ਼ੀਰੋ ‘ਤੇ ਆਊਟ ਹੋ ਗਏ। ਇੰਗਲੈਂਡ ਦੇ ਖਿਲਾਫ ਭਾਰਤੀ ਟੀਮ ਦਾ ਇਹ ਤੀਜਾ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਉਹ 1974 ਵਿੱਚ ਲਾਰਡਸ ਵਿਖੇ 42 ਅਤੇ 1952 ਵਿੱਚ ਮੈਨਚੈਸਟਰ ਵਿੱਚ 58 ਦੌੜਾਂ ਬਣਾ ਕੇ ਆਊਟ ਹੋਈ ਸੀ।
ਇਸ ਤੋਂ ਬਾਅਦ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਖਬਰ ਲਿਖੇ ਜਾਣ ਤੱਕ ਇੰਗਲੈਂਡ ਟੀਮ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 118 ਦੌੜਾਂ ਸੀ। ਬਰਨਜ਼ 52 ‘ਤੇ ਹਮੀਦ 56 ਦੌੜਾਂ ਬਣਾ ਕੇ ਖੇਡ ਰਹੇ ਸੀ।