ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੂਜੇ ਟੈਸਟ ਮੈਚ ਨੂੰ ਸ਼ੁਰੂ ਹੋਣ ‘ਚ 24 ਘੰਟੇ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਇਸ ਤੋਂ ਪਹਿਲਾਂ ਭਾਰਤੀ ਟੀਮ ਨਵੀਂ ਮੁਸੀਬਤ ‘ਚ ਫਸੀ ਨਜ਼ਰ ਆ ਰਹੀ ਹੈ। ਰੋਹਿਤ ਸ਼ਰਮਾ ਦੇ ਸੱਟ ਤੋਂ ਬਾਅਦ ਪਹਿਲੇ ਟੈਸਟ ਵਿੱਚ ਭਾਰਤ ਦੀ ਕਪਤਾਨੀ ਕਰਨ ਵਾਲੇ ਕੇਐਲ ਰਾਹੁਲ ਵੀ ਜ਼ਖ਼ਮੀ ਹੋ ਗਏ ਹਨ। ਰਾਹੁਲ ਨੂੰ ਅਭਿਆਸ ਦੌਰਾਨ ਸੱਟ ਲੱਗ ਗਈ ਸੀ ਅਤੇ ਹੁਣ ਰਾਹੁਲ ਦੇ ਦੂਜੇ ਮੈਚ ਵਿੱਚ ਖੇਡਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ। ਜੇਕਰ ਰਾਹੁਲ ਇਸ ਮੈਚ ‘ਚ ਨਹੀਂ ਖੇਡਦੇ ਤਾਂ ਭਾਰਤੀ ਟੀਮ ਨੂੰ ਨਵਾਂ ਕਪਤਾਨ ਮਿਲ ਸਕਦਾ ਹੈ।
ਜੇਕਰ ਰਾਹੁਲ ਇਸ ਮੈਚ ਲਈ ਫਿੱਟ ਨਹੀਂ ਹੁੰਦੇ ਤਾਂ ਚੇਤੇਸ਼ਵਰ ਪੁਜਾਰਾ ਨੂੰ ਟੀਮ ਦੀ ਕਪਤਾਨੀ ਮਿਲ ਸਕਦੀ ਹੈ। ਫਿਲਹਾਲ ਪੁਜਾਰਾ ਟੀਮ ਦੇ ਉਪ-ਕਪਤਾਨ ਹਨ ਤਾਂ ਉਨ੍ਹਾਂ ਨੂੰ ਮੈਚ ‘ਚ ਕਪਤਾਨੀ ਮਿਲਣ ਦੀ ਸੰਭਾਵਨਾ ਹੈ। ਟੀਮ ‘ਚ ਰਿਸ਼ਭ ਪੰਤ ਅਤੇ ਰਵੀਚੰਦਰਨ ਅਸ਼ਵਿਨ ਦੇ ਰੂਪ ‘ਚ ਕਪਤਾਨੀ ਦੇ ਦੋ ਹੋਰ ਵਿਕਲਪ ਹਨ ਪਰ ਫਿਲਹਾਲ ਪੁਜਾਰਾ ਨੂੰ ਕਪਤਾਨੀ ਮਿਲਣ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਹੈ। ਰਾਹੁਲ ਦੀ ਜਗ੍ਹਾ ਅਭਿਮਨਿਊ ਈਸ਼ਵਰਨ ਨੂੰ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ ਅਤੇ ਉਹ ਪਾਰੀ ਦੀ ਸ਼ੁਰੂਆਤ ਕਰ ਸਕਦਾ ਹੈ।