ਟੈਸਟ ਸੀਰੀਜ਼ ਤੋਂ ਬਾਅਦ ਭਾਰਤ ਨੇ ਵਨਡੇ ਸੀਰੀਜ਼ ‘ਚ ਆਸਟ੍ਰੇਲੀਆ ਖਿਲਾਫ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਇੱਕ ਅਜਿਹੀ ਪਿੱਚ ‘ਤੇ ਜਿਸ ‘ਤੇ ਦੋਵਾਂ ਟੀਮਾਂ ਦੇ ਤੇਜ਼ ਗੇਂਦਬਾਜ਼ਾਂ ਨੇ ਵਾਨਖੇੜੇ ਸਟੇਡੀਅਮ ‘ਚ ਤਬਾਹੀ ਮਚਾਈ ਉੱਥੇ ਮਿਸ਼ੇਲ ਮਾਰਸ਼ ਦੀ ਧਮਾਕੇਦਾਰ ਪਾਰੀ ਅਤੇ ਕੇਐੱਲ ਰਾਹੁਲ ਦੀ ਇੱਕ ਸੰਘਰਸ਼ਪੂਰਨ ਪਾਰੀ ਮੁਸ਼ਕਿਲ ਹਾਲਾਤਾਂ ‘ਚ ਵੱਡਾ ਫਰਕ ਸਾਬਿਤ ਹੋਈ। ਆਸਟ੍ਰੇਲੀਆ ਨੂੰ ਸਿਰਫ 188 ਦੌੜਾਂ ‘ਤੇ ਆਊਟ ਕਰਨ ਤੋਂ ਬਾਅਦ ਵੀ ਟੀਮ ਇੰਡੀਆ ਨੂੰ ਆਸਾਨੀ ਨਾਲ ਸਫਲਤਾ ਨਹੀਂ ਮਿਲੀ ਪਰ ਰਾਹੁਲ ਅਤੇ ਰਵਿੰਦਰ ਜਡੇਜਾ ਦੀ ਸ਼ਾਨਦਾਰ ਸਾਂਝੇਦਾਰੀ ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਤਿੰਨ ਸਾਲ ਪਹਿਲਾਂ ਵਾਨਖੇੜੇ ਸਟੇਡੀਅਮ ‘ਚ ਹੀ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ ਦੀ ਸ਼ੁਰੂਆਤ ਹੋਈ ਸੀ ਅਤੇ ਉਸ ਮੈਚ ‘ਚ ਆਸਟ੍ਰੇਲੀਆ ਨੇ ਭਾਰਤ ਨੂੰ ਇਕਤਰਫਾ ਹਰਾਇਆ ਸੀ। ਉਸ ਮੈਚ ਵਿੱਚ ਭਾਰਤੀ ਟੀਮ ਆਲ ਆਊਟ ਹੋ ਗਈ ਸੀ ਪਰ ਆਸਟਰੇਲੀਆ ਨੇ ਬਿਨਾਂ ਕੋਈ ਵਿਕਟ ਗੁਆਏ ਭਾਰਤ ਨੂੰ ਹਰਾਇਆ ਸੀ। ਇਸ ਵਾਰ ਦੋਵਾਂ ਪਾਸਿਆਂ ਤੋਂ ਕਾਫੀ ਵਿਕਟਾਂ ਡਿੱਗੀਆਂ ਪਰ ਖੇਡ ਟੀਮ ਇੰਡੀਆ ਦੇ ਹੱਥ ਸੀ।