ਭਾਰਤ ਨੇ ਦੂਜੇ ਵਨਡੇ ਵਿੱਚ ਸ਼੍ਰੀਲੰਕਾ ਨੂੰ ਚਾਰ ਵਿਕਟਾਂ ਨਾਲ ਹਰਾਇਆ ਹੈ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਕੋਲਕਾਤਾ ਦੇ ਈਡਨ ਗਾਰਡਨ ‘ਤੇ ਖੇਡੇ ਗਏ ਇਸ ਮੈਚ ‘ਚ ਭਾਰਤੀ ਟੀਮ ਦੀ ਜਿੱਤ ਦੇ ਹੀਰੋ ਕੇਐੱਲ ਰਾਹੁਲ ਰਹੇ, ਜਿਨ੍ਹਾਂ ਨੇ ਅਜੇਤੂ ਅਰਧ ਸੈਂਕੜਾ ਲਗਾਇਆ। ਸ਼੍ਰੀਲੰਕਾ ਨੇ ਭਾਰਤ ਨੂੰ ਜਿੱਤ ਲਈ 216 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਵੱਲੋਂ ਗੇਂਦਬਾਜ਼ੀ ਵਿੱਚ ਕੁਲਦੀਪ ਯਾਦਵ ਅਤੇ ਮੁਹੰਮਦ ਸਿਰਾਜ ਨੇ ਗੇਂਦ ਨਾਲ ਅੱਗ ਕੱਢੀ। ਦੋਵਾਂ ਦੇ ਸਾਹਮਣੇ ਸ਼੍ਰੀਲੰਕਾ ਦੇ ਬੱਲੇਬਾਜ਼ ਟਿਕ ਹੀ ਨਹੀਂ ਸਕੇ। ਇਸ ਤੋਂ ਬਾਅਦ ਭਾਰਤੀ ਬੱਲੇਬਾਜ਼ਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਸ਼੍ਰੀਲੰਕਾ ਨੂੰ ਕੋਈ ਮੌਕਾ ਨਹੀਂ ਦਿੱਤਾ।
ਇਸ ਹਾਰ ਨਾਲ ਸ਼੍ਰੀਲੰਕਾ ਵਨਡੇ ‘ਚ ਸਭ ਤੋਂ ਜ਼ਿਆਦਾ ਮੈਚ ਹਾਰਨ ਵਾਲੀ ਟੀਮ ਵੀ ਬਣ ਗਈ ਹੈ। ਸ਼੍ਰੀਲੰਕਾ ਨੇ ਭਾਰਤ ਨੂੰ ਪਿੱਛੇ ਛੱਡ ਦਿੱਤਾ ਹੈ ਜੋ ਹੁਣ ਤੱਕ 436 ਮੈਚ ਹਾਰ ਚੁੱਕਾ ਹੈ। ਇੰਨਾ ਹੀ ਨਹੀਂ ਭਾਰਤ ਖਿਲਾਫ ਵਨਡੇ ‘ਚ ਸ਼੍ਰੀਲੰਕਾ ਦੀ ਇਹ 95ਵੀਂ ਹਾਰ ਸੀ। ਹੁਣ ਸ਼੍ਰੀਲੰਕਾ ਨੇ ਕਿਸੇ ਇੱਕ ਟੀਮ ਦੇ ਖਿਲਾਫ ਸਭ ਤੋਂ ਜ਼ਿਆਦਾ ਮੈਚ ਹਾਰਨ ਦੇ ਮਾਮਲੇ ਵਿੱਚ ਨਿਊਜ਼ੀਲੈਂਡ ਦੀ ਬਰਾਬਰੀ ਕਰ ਲਈ ਹੈ।