ਭਾਰਤੀ ਕ੍ਰਿਕਟ ਟੀਮ ਨੇ ਬੁੱਧਵਾਰ ਨੂੰ ਐਡੀਲੇਡ ਓਵਲ ਮੈਦਾਨ ‘ਤੇ ਖੇਡੇ ਗਏ ਆਈਸੀਸੀ ਟੀ-20 ਵਿਸ਼ਵ ਕੱਪ-2022 ਦੇ ਮੈਚ ‘ਚ ਬੰਗਲਾਦੇਸ਼ ਨੂੰ ਡਕਵਰਥ-ਲੁਈਸ ਨਿਯਮ ਦੇ ਮੁਤਾਬਿਕ ਪੰਜ ਦੌੜਾਂ ਨਾਲ ਹਰਾਇਆ ਹੈ। ਇਸ ਨਾਲ ਭਾਰਤ ਦੇ ਸੈਮੀਫਾਈਨਲ ‘ਚ ਜਾਣ ਦੀਆਂ ਉਮੀਦਾਂ ਮਜ਼ਬੂਤ ਹੋ ਗਈਆਂ ਹਨ। ਇਸ ਮੈਚ ‘ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਲਈ ਬੁਲਾਇਆ ਸੀ। ਟੀਮ ਇੰਡੀਆ ਨੇ 20 ਓਵਰਾਂ ‘ਚ ਛੇ ਵਿਕਟਾਂ ਦੇ ਨੁਕਸਾਨ ‘ਤੇ 184 ਦੌੜਾਂ ਬਣਾਈਆਂ ਸਨ। ਮੀਂਹ ਕਾਰਨ ਬੰਗਲਾਦੇਸ਼ ਨੂੰ 16 ਓਵਰਾਂ ਵਿੱਚ 151 ਦੌੜਾਂ ਬਣਾਉਣੀਆਂ ਪਈਆਂ। ਜਵਾਬ ‘ਚ ਇਹ ਟੀਮ ਛੇ ਵਿਕਟਾਂ ਦੇ ਨੁਕਸਾਨ ‘ਤੇ 145 ਦੌੜਾਂ ਹੀ ਬਣਾ ਸਕੀ।
ਭਾਰਤ ਲਈ ਇੱਕ ਵਾਰ ਫਿਰ ਚਮਕਿਆ ਵਿਰਾਟ ਕੋਹਲੀ ਦਾ ਬੱਲਾ। ਸੱਜੇ ਹੱਥ ਦੇ ਬੱਲੇਬਾਜ਼ ਕੋਹਲੀ ਨੇ ਇਸ ਵਿਸ਼ਵ ਕੱਪ ਦਾ ਤੀਜਾ ਅਰਧ ਸੈਂਕੜਾ ਲਗਾਇਆ ਅਤੇ 64 ਦੌੜਾਂ ਬਣਾ ਕੇ ਅਜੇਤੂ ਰਹੇ। ਉਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਨੇ ਆਪਣੀ ਫਾਰਮ ‘ਚ ਵਾਪਸੀ ਕਰਦੇ ਹੋਏ ਅਰਧ ਸੈਂਕੜਾ ਲਗਾਇਆ। ਰਾਹੁਲ ਨੇ 50 ਦੌੜਾਂ ਬਣਾਈਆਂ। ਕੋਹਲੀ ਨੂੰ ਉਨ੍ਹਾਂ ਦੀ ਇਸ ਪਾਰੀ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ ਹੈ।
185 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਇਸ ਦੀ ਸ਼ੁਰੂਆਤ ਲਿਟਨ ਦਾਸ ਨੇ ਕੀਤੀ। ਬੰਗਲਾਦੇਸ਼ ਲਈ ਹੁਣ ਤੱਕ ਸ਼ਾਨਦਾਰ ਪਾਰੀ ਖੇਡ ਰਹੇ ਨਜਮੁਲ ਹਸਨ ਸ਼ਾਂਤੋ ਜ਼ਿਆਦਾ ਤੇਜ਼ੀ ਨਹੀਂ ਦਿਖਾ ਸਕੇ। ਸ਼ਾਂਤੋ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕਿਆ ਪਰ ਦਾਸ ਨੇ ਅਰਧ ਸੈਂਕੜਾ ਜੜ ਦਿੱਤਾ। ਜਦੋਂ ਸੱਤ ਓਵਰਾਂ ਦੀ ਖੇਡ ਖ਼ਤਮ ਹੋਈ ਤਾਂ ਮੀਂਹ ਆ ਗਿਆ ਸੀ ਜਿਸ ਕਾਰਨ ਮੈਚ ਰੋਕ ਦਿੱਤਾ ਗਿਆ। ਦਾਸ ਇਸ ਸਮੇਂ 59 ਅਤੇ ਸ਼ਾਂਤੋ ਸੱਤ ਦੌੜਾਂ ਬਣਾ ਕੇ ਖੇਡ ਰਹੇ ਸਨ। ਜਦੋਂ ਮੈਚ ਦੁਬਾਰਾ ਸ਼ੁਰੂ ਹੋਇਆ ਤਾਂ ਬੰਗਲਾਦੇਸ਼ ਨੂੰ 54 ਗੇਂਦਾਂ ਵਿੱਚ 85 ਦੌੜਾਂ ਦੀ ਲੋੜ ਸੀ। ਰਾਹੁਲ ਨੇ ਆਉਂਦੇ ਹੀ ਬੰਗਲਾਦੇਸ਼ ਨੂੰ ਕਰਾਰਾ ਝਟਕਾ ਦਿੱਤਾ। ਆਪਣੀ ਸ਼ਾਨਦਾਰ ਥ੍ਰੋਅ ਰਾਹੀਂ ਰਾਹੁਲ ਨੇ ਦਾਸ ਨੂੰ ਰਨ ਆਊਟ ਕੀਤਾ। ਦਾਸ 27 ਗੇਂਦਾਂ ਵਿੱਚ 60 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੇ ਆਪਣੀ ਪਾਰੀ ਵਿੱਚ ਸੱਤ ਚੌਕੇ ਤੇ ਤਿੰਨ ਛੱਕੇ ਲਾਏ।