‘ਦੁਲਹਨ ਹਮ ਲੇ ਜਾਏਂਗੇ’ ਦਾ ਸਟਿੱਕਰ 260 ਬਰਾਤੀ, 120 ਗੱਡੀਆਂ ਅਤੇ ਉਦਯੋਗਪਤੀ ਦੇ ਘਰ ‘ਚ ਰੇਡ। ਇਹ ਲਾਈਨ ਸੁਣ ਕੇ ਤੁਹਾਨੂੰ ਲੱਗਾ ਹੋਵੇਗਾ ਕਿ ਅਸੀਂ ਕਿਸੇ ਫਿਲਮ ਦੀ ਕਹਾਣੀ ਜਾਂ ਵੈੱਬ ਸੀਰੀਜ਼ ਬਾਰੇ ਦੱਸਣ ਜਾ ਰਹੇ ਹਾਂ, ਪਰ ਅਜਿਹਾ ਨਹੀਂ ਹੈ। ਦਰਅਸਲ ਇਹ ਮਾਮਲਾ ਹੈ ਕਾਰੋਬਾਰੀਆਂ ਦੇ ਘਰ ‘ਤੇ ਇਨਕਮ ਟੈਕਸ ਵਿਭਾਗ ਦੇ ਛਾਪੇ ਦਾ, ਜਿਸ ਦੀ ਪਲੈਨਿੰਗ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਕਹਾਣੀ ਇੱਕ ਮੁਖਬਰ ਦੀ ਸੂਚਨਾ ਤੋਂ ਸ਼ੁਰੂ ਹੁੰਦੀ ਹੈ। ਇਨਕਮ ਟੈਕਸ ਵਿਭਾਗ ਦੀ ਟੀਮ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਇੱਕ ਥਾਂ ‘ਤੇ ਵੱਡੀ ਮਾਤਰਾ ‘ਚ ਨਕਦੀ ਹੈ। ਇਹ ਨਕਦੀ ਮਹਾਰਾਸ਼ਟਰ ਦੇ ਜਾਲਨਾ ਦੇ ਇਕ ਸਟੀਲ ਵਪਾਰੀ ਦੇ ਘਰ ਹੈ, ਜਿਸ ਨੇ ਕਾਗਜ਼ ‘ਤੇ ਆਪਣੀ ਆਮਦਨ ਘੱਟ ਦਿਖਾਈ ਹੈ ਅਤੇ ਕਰੋੜਾਂ ਰੁਪਏ ਦੇ ਨੋਟਾਂ ਦੇ ਬੰਡਲ ਆਪਣੇ ਘਰ ਅਤੇ ਦਫਤਰ ‘ਚ ਵੱਖ-ਵੱਖ ਥੈਲਿਆਂ ‘ਚ ਪਾ ਕੇ ਰੱਖੇ ਹੋਏ ਨੇ। ਮੁਖਬਰ ਦੀ ਸੂਚਨਾ ‘ਤੇ ਆਮਦਨ ਕਰ ਵਿਭਾਗ ਦੀ ਟੀਮ ਸਰਗਰਮ ਹੋਈ, ਪਰ ਟੀਮ ਕਿਸੇ ਵੀ ਤਰ੍ਹਾਂ ਦਾ ਰਿਸ੍ਕ ਨਹੀਂ ਲੈਣਾ ਚਾਹੁੰਦੀ ਸੀ। ਇੱਥੋਂ ਹੀ ਛਾਪੇਮਾਰੀ ਦੀ ਵਿਉਂਤਬੰਦੀ ਸ਼ੁਰੂ ਹੋ ਗਈ। ਟੀਮ ‘ਚ ਨਾਸਿਕ, ਪੁਣੇ, ਠਾਣੇ ਅਤੇ ਮੁੰਬਈ ਦੇ 260 ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ ਤਾਂ ਜੋ ਛਾਪੇਮਾਰੀ ਦੀ ਖਬਰ ਲੀਕ ਨਾ ਹੋ ਸਕੇ। ਹਰ ਕਿਸੇ ਨੇ ਆਪਣੀਆਂ ਕਾਰਾਂ ‘ਤੇ ਲਾੜਾ-ਲਾੜੀ ਦੇ ਨਾਮ ਦੇ ਸਟਿੱਕਰ ਲਗਾਏ ਸਨ।
ਯਾਨੀ ਅਜਿਹਾ ਲੱਗਦਾ ਹੈ ਕਿ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ-ਕਰਮਚਾਰੀ ਕਿਸੇ ਦੇ ਵਿਆਹ ‘ਤੇ ਜਾ ਰਹੇ ਨੇ। ਸਾਰੀਆਂ ਗੱਡੀਆਂ ਦੀ ਪਛਾਣ ਕਰਨ ਲਈ ਇੱਕ ਕੋਡ ਵਰਡ ਵੀ ਵਰਤਿਆ ਗਿਆ ਸੀ। ਕੋਡ ਵਰਡ ਸੀ – ਦੁਲਹਨ ਹਮ ਲੇ ਜਾਏਂਗੇ। ਇਸ ਕੋਡ ਵਰਡ ਰਾਹੀਂ ਅਫਸਰਾਂ ਦੀਆਂ ਗੱਡੀਆਂ ਦੀ ਪਛਾਣ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਸਾਰੀਆਂ ਗੱਡੀਆਂ ਜਾਲਨਾ ਲਈ ਰਵਾਨਾ ਹੋ ਗਈਆਂ।
ਜਿਵੇਂ ਹੀ ‘ਦੁਲਹਨ ਹਮ ਲੇ ਜਾਏਂਗੇ’ ਦੇ ਸਟਿੱਕਰਾਂ ਵਾਲੀਆਂ ਇਹ ਗੱਡੀਆਂ ਜਾਲਨਾ ਪਹੁੰਚੀਆਂ ਤਾਂ ਇਨ੍ਹਾਂ ਸਾਰਿਆਂ ਦਾ ਰੁਖ ਇਕ ਵਪਾਰੀ ਦੇ ਘਰ-ਦਫ਼ਤਰ ਅਤੇ ਫੈਕਟਰੀ ਵੱਲ ਹੋ ਗਿਆ। ਜਾਲਨਾ ਵਿੱਚ ਸਟੀਲ ਵਪਾਰੀ ਦੀਆਂ ਫੈਕਟਰੀਆਂ, ਘਰਾਂ ਅਤੇ ਦਫ਼ਤਰਾਂ ਵਿੱਚ ਪਹੁੰਚ ਕੇ ‘ਬਾਰਾਤੀਆਂ’ ਵਜੋਂ ਆਏ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਇਸ ਛਾਪੇਮਾਰੀ ਦੌਰਾਨ 390 ਕਰੋੜ ਦੀ ਬੇਨਾਮੀ ਜਾਇਦਾਦ ਦਾ ਖੁਲਾਸਾ ਹੋਇਆ ਸੀ। ਇਸ ਕਾਰਵਾਈ ਵਿਚ 58 ਕਰੋੜ ਰੁਪਏ ਦੀ ਨਕਦੀ, 32 ਕਿਲੋ ਸੋਨੇ ਦੇ ਗਹਿਣੇ, ਹੀਰੇ, ਮੋਤੀ ਆਦਿ ਸਮੇਤ ਬੇਹਿਸਾਬੀ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਇਸ ਛਾਪੇਮਾਰੀ ਤੋਂ ਬਾਅਦ ਜਿਨ੍ਹਾਂ ਲੋਕਾਂ ‘ਤੇ ਮੁਕੱਦਮਾ ਚਲਾਇਆ ਗਿਆ ਹੈ, ਉਨ੍ਹਾਂ ‘ਚ ਔਰੰਗਾਬਾਦ ਦਾ ਇਕ ਮਸ਼ਹੂਰ ਬਿਲਡਰ ਅਤੇ ਕਾਰੋਬਾਰੀ ਵੀ ਸ਼ਾਮਲ ਹੈ।
ਦਿਲਚਸਪ ਗੱਲ ਇਹ ਹੈ ਕਿ ਇਸ ਕੈਸ਼ ਨੂੰ ਗਿਣਨ ਲਈ ਟੀਮ ਨੂੰ 13 ਘੰਟੇ ਲੱਗ ਗਏ। 1 ਤੋਂ 8 ਅਗਸਤ ਤੱਕ ਚੱਲੇ ਇਸ ਆਪ੍ਰੇਸ਼ਨ ਲਈ ਨਾਸਿਕ ਡਵੀਜ਼ਨ ਦੇ ਉੱਚ-ਅਧਿਕਾਰੀਆਂ ਸਮੇਤ ਸੂਬੇ ਭਰ ਤੋਂ 260 ਅਧਿਕਾਰੀ-ਕਰਮਚਾਰੀ 120 ਤੋਂ ਵੱਧ ਵਾਹਨਾਂ ਦੇ ਕਾਫ਼ਲੇ ਵਿੱਚ ਜਾਲਨਾ ਪੁੱਜੇ ਸਨ। ਇਨਕਮ ਟੈਕਸ ਵਿਭਾਗ ਨੂੰ ਫਿਲਮੀ ਸਟਾਈਲ ‘ਚ ਮਾਰੀ ਗਈ ਛਾਪੇਮਾਰੀ ‘ਚ ਵੱਡੀ ਸਫਲਤਾ ਮਿਲੀ ਹੈ। ਇਸ ਦੌਰਾਨ 10 ਤੋਂ 12 ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਮੰਗਵਾਈਆਂ ਗਈਆਂ ਸਨ। ਇਹ ਸਾਰੇ ਨੋਟ ਕੱਪੜੇ ਦੇ ਥੈਲਿਆਂ ਵਿੱਚ ਰੱਖੇ ਹੋਏ ਸਨ। ਯਾਨੀ ਕਿ ਮੁਖਬਰ ਵੱਲੋਂ ਦਿੱਤੀ ਗਈ ਖਬਰ ਠੋਸ ਨਿਕਲੀ ਅਤੇ ਇਨਕਮ ਟੈਕਸ ਵਿਭਾਗ ਨੇ ਫਿਲਮੀ ਅੰਦਾਜ਼ ‘ਚ ਇਸ ਨੂੰ ਵੀ ਬਰਾਮਦ ਕਰ ਲਿਆ।