ਸੰਯੁਕਤ ਅਰਬ ਅਮੀਰਾਤ (ਯੂਏਈ) ‘ਚ ਰਹਿੰਦੇ ਲੋਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਕਿਹਾ ਹੈ ਕਿ ਉਸ ਨੇ ਆਪਣੇ ਕੰਮਕਾਜੀ ਹਫ਼ਤੇ ਨੂੰ ਘਟਾ ਕੇ ਸਾਢੇ ਚਾਰ ਦਿਨ ਕਰਨ ਦਾ ਫ਼ੈਸਲਾ ਕੀਤਾ ਹੈ। ਯੂਏਈ ਦੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਕੰਮਕਾਜੀ ਦਿਨਾਂ ਵਿੱਚ ਜਲਦ ਹੀ ਵੀਕਐਂਡ ਨੂੰ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਯੂਏਈ ਦੇ ਸਰਕਾਰੀ ਮੀਡੀਆ ਦੀ ਖਬਰ ਮੁਤਾਬਿਕ ਅਗਲੇ ਸਾਲ ਜਨਵਰੀ ਤੋਂ ਸਰਕਾਰੀ ਅਦਾਰਿਆਂ ਲਈ ‘ਨੈਸ਼ਨਲ ਵਰਕਿੰਗ ਵੀਕ’ ਲਾਜ਼ਮੀ ਹੋ ਜਾਵੇਗਾ ਅਤੇ ਇਸ ਦੇ ਪਿੱਛੇ ਦਾ ਉਦੇਸ਼ ਕੰਮ-ਜੀਵਨ ਸੰਤੁਲਨ ਅਤੇ ਆਰਥਿਕ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣਾ ਹੈ। ਨਵੀਂ ਸਮਾਂ ਸਾਰਣੀ ਦੇ ਤਹਿਤ, ਵੀਕਐਂਡ ਸ਼ੁੱਕਰਵਾਰ ਨੂੰ ਦੁਪਹਿਰ ਤੋਂ ਸ਼ੁਰੂ ਹੋਵੇਗਾ ਅਤੇ ਐਤਵਾਰ ਨੂੰ ਖਤਮ ਹੋਵੇਗਾ। ਮਸਜਿਦਾਂ ਵਿਚ ਸ਼ੁੱਕਰਵਾਰ ਦੀ ਨਮਾਜ਼ ਸਾਰਾ ਸਾਲ ਦੁਪਹਿਰ 1:15 ਵਜੇ ਤੋਂ ਬਾਅਦ ਹੋਵੇਗੀ।