ਉੱਤਰੀ ਚੀਨ ਦੇ ਹੇਬੇਈ ਸੂਬੇ ਤੋਂ ਇੱਕ ਦੁਖਦਾਈ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਰਸਿੰਗ ਹੋਮ ਵਿੱਚ ਅੱਗ ਲੱਗਣ ਕਾਰਨ 20 ਲੋਕਾਂ ਦੀ ਮੌਤ ਹੋ ਗਈ। ਚੇਂਗਦੇ ਸ਼ਹਿਰ ਦੇ ਲੋਂਗਹੁਆ ਕਾਉਂਟੀ ਵਿੱਚ ਮੰਗਲਵਾਰ ਰਾਤ ਨੂੰ ਕਰੀਬ 9 ਵਜੇ ਅੱਗ ਲੱਗ ਗਈ ਸੀ। ਬਹੁਤ ਮੁਸ਼ਕਿਲ ਤੋਂ ਬਾਅਦ ਅੱਗ ਬੁਝਾਈ ਜਾ ਸਕੀ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਸੀ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਬੁੱਧਵਾਰ ਸਵੇਰ ਤੱਕ ਕੁੱਲ 20 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਘਟਨਾ ਵਿੱਚ ਕਈ ਹੋਰ ਲੋਕ ਵੀ ਜ਼ਖਮੀ ਹੋਏ ਹਨ, ਪਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅੱਗ ਤੋਂ ਬਚਣ ਲਈ ਕਈ ਲੋਕਾਂ ਨੇ ਇਮਾਰਤ ਤੋਂ ਹੇਠਾਂ ਛਾਲ ਮਾਰ ਦਿੱਤੀ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
