ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਅੱਜ ਪਾਕਿਸਤਾਨ ਦੀ ਸੰਸਦ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਨੇ ਸਦਨ ਦੀ ਕਾਰਵਾਈ 31 ਦਸੰਬਰ ਤੱਕ ਮੁਲਤਵੀ ਕਰ ਦਿੱਤੀ। ਹੁਣ ਇਮਰਾਨ ਖਾਨ ਦੇ ਖਿਲਾਫ ਬੇਭਰੋਸਗੀ ਮਤੇ ‘ਤੇ ਚਰਚਾ 31 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ 3 ਜਾਂ 4 ਅਪ੍ਰੈਲ ਨੂੰ ਵੋਟਿੰਗ ਹੋ ਸਕਦੀ ਹੈ।
ਗੌਰਤਲਬ ਹੈ ਕਿ ਇਸ ਦੌਰਾਨ ਇਹ ਖ਼ਬਰ ਵੀ ਆਈ ਕਿ ਇਮਰਾਨ ਖ਼ਾਨ ਨੇ ਆਪਣੇ ਨਾਰਾਜ਼ ਸਹਿਯੋਗੀ ਪੀਐਮਐਲ-ਕਿਊ ਦੇ ਆਗੂ ਚੌਧਰੀ ਪਰਵੇਜ਼ ਇਲਾਹੀ ਨੂੰ ਉਨ੍ਹਾਂ ਦੇ ਬਨੀਗਾਲਾ ਸਥਿਤ ਘਰ ਮਿਲਣ ਲਈ ਬੁਲਾਇਆ ਹੈ। ਚਰਚਾ ਗਰਮ ਹੈ ਕਿ ਇਮਰਾਨ ਬੇਭਰੋਸਗੀ ਮਤੇ ਵਿੱਚ ਆਪਣੀ ਸਰਕਾਰ ਨੂੰ ਬਚਾਉਣ ਲਈ ਆਖਰਕਾਰ ਪੀਐਮਐਲ-ਕਿਊ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕਰ ਸਕਦੇ ਹਨ। ਵਿਰੋਧੀ ਧਿਰ ਦੇ 161 ਸੰਸਦ ਮੈਂਬਰ ਇਸ ਵੇਲੇ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ ਦਾ ਸਮਰਥਨ ਕਰ ਰਹੇ ਹਨ। ਪਰ ਸੂਤਰਾਂ ਅਨੁਸਾਰ ਇਮਰਾਨ ਲਈ ਇਹ ਵੱਡੀ ਚਿੰਤਾ ਦੀ ਗੱਲ ਹੈ ਕਿ ਉਨ੍ਹਾਂ ਦੀ ਆਪਣੀ ਪਾਰਟੀ ਅਤੇ ਸਹਿਯੋਗੀ ਐਮਕਿਊਐਮ-ਪੀ ਅਤੇ ਪੀਐਮਐਲ-ਕਿਊ ਦੇ ਕਈ ਸੰਸਦ ਮੈਂਬਰ ਵੀ ਉਨ੍ਹਾਂ ਦੇ ਖ਼ਿਲਾਫ਼ ਜਾ ਸਕਦੇ ਹਨ।