ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਦੇ ਪੂਰੀ ਤਰ੍ਹਾਂ ਠੀਕ ਹੋਣ ਤੱਕ ਉਨ੍ਹਾਂ ਦੀ ਜਗ੍ਹਾ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਲੌਂਗ ਮਾਰਚ ਦੀ ਅਗਵਾਈ ਕਰਨਗੇ। ਇਸ ਦੀ ਪੁਸ਼ਟੀ ਸ਼ਾਹ ਮਹਿਮੂਦ ਨੇ ਹੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣਾ ਲੌਂਗ ਮਾਰਚ ਉਥੋਂ ਹੀ ਸ਼ੁਰੂ ਕਰਨਗੇ, ਜਿੱਥੇ ਇਮਰਾਨ ‘ਤੇ ਹਮਲਾ ਹੋਇਆ ਸੀ। ਇਮਰਾਨ ਖਾਨ ਇਸ ਸਮੇਂ ਹਸਪਤਾਲ ‘ਚ ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਜ਼ਖਮੀ ਖਾਨ ਨੂੰ ਐਤਵਾਰ ਨੂੰ ਸਫਲ ਸਰਜਰੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਉਨ੍ਹਾਂ ਨੂੰ ਲਾਹੌਰ ਸਥਿਤ ਉਨ੍ਹਾਂ ਦੀ ਨਿੱਜੀ ਰਿਹਾਇਸ਼ ‘ਤੇ ਸ਼ਿਫਟ ਕਰ ਦਿੱਤਾ ਗਿਆ ਹੈ। ‘ਡਾਨ’ ਅਖਬਾਰ ਦੀ ਰਿਪੋਰਟ ਮੁਤਬਿਕ ਕੁਰੈਸ਼ੀ ਨੇ ਐਤਵਾਰ ਨੂੰ ਫੈਸਲਾਬਾਦ ਦੇ ਘੰਟਾਘਰ ਚੌਕ ‘ਤੇ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖਾਨ ਨੇ ਉਨ੍ਹਾਂ ਨੂੰ ਆਪਣੀ ਜਗ੍ਹਾ ‘ਤੇ ਮਾਰਚ ਦੀ ਅਗਵਾਈ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਭਾਵੇਂ ਉਹ (ਖਾਨ) ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ, ਪਰ ਉਹ ਰਾਵਲਪਿੰਡੀ ਵਿੱਚ ਮਾਰਚ ਵਿੱਚ ਸ਼ਾਮਿਲ ਹੋਣਗੇ।
ਉਨ੍ਹਾਂ ਕਿਹਾ ਕਿ ਫੈਸਲਾਬਾਦ ਅਤੇ ਪੂਰੇ ਦੇਸ਼ ਦੇ ਲੋਕਾਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਖਾਨ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਉਹ ਵਜ਼ੀਰਾਬਾਦ ‘ਚ ਖਾਨ ‘ਤੇ ਹੋਏ ਹਮਲੇ ਦੇ ਅਸਲ ਸਾਜ਼ਿਸ਼ਕਰਤਾ ਹਨ। ਵੀਰਵਾਰ ਨੂੰ, ਪੰਜਾਬ ਸੂਬੇ ਦੇ ਵਜ਼ੀਰਾਬਾਦ ਸ਼ਹਿਰ ਵਿੱਚ ਸ਼ਾਹਬਾਜ਼ ਦੇ ਖਿਲਾਫ ਇੱਕ ਰੋਸ ਮਾਰਚ ਦੌਰਾਨ ਦੋ ਬੰਦੂਕਧਾਰੀਆਂ ਨੇ ਖਾਨ ‘ਤੇ ਗੋਲੀਬਾਰੀ ਕੀਤੀ ਸੀ। ਗੋਲੀ ਉਨ੍ਹਾਂ ਦੇ ਸੱਜੇ ਪੈਰ ਵਿੱਚ ਲੱਗੀ ਸੀ। ਇਸ ਹਮਲੇ ਵਿੱਚ ਇੱਕ ਵਰਕਰ ਦੀ ਮੌਤ ਹੋ ਗਈ ਸੀ।
ਇਮਰਾਨ ਖਾਨ ਆਪਣੀ ਚੈਰੀਟੇਬਲ ਸੰਸਥਾ ਦੀ ਮਲਕੀਅਤ ਵਾਲੇ ਸ਼ੌਕਤ ਖਾਨਮ ਹਸਪਤਾਲ ਤੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਪਹਿਲਾਂ ਖਾਨ ਨੇ ਕਿਹਾ, “ਅਸੀਂ ਫੈਸਲਾ ਕੀਤਾ ਹੈ ਕਿ ਸਾਡਾ ਮਾਰਚ ਮੰਗਲਵਾਰ ਨੂੰ ਵਜ਼ੀਰਾਬਾਦ ਵਿੱਚ ਉਸੇ ਥਾਂ ਤੋਂ ਮੁੜ ਸ਼ੁਰੂ ਹੋਵੇਗਾ ਜਿੱਥੇ ਮੈਨੂੰ ਅਤੇ 11 ਹੋਰਾਂ ਨੂੰ ਗੋਲੀ ਮਾਰੀ ਗਈ ਸੀ।” ਜਿੱਥੇ ਮੋਅਜ਼ਮ ਮਾਰਿਆ ਗਿਆ। ਬਾਅਦ ਵਿੱਚ ਉਹ ਇੱਥੇ ਆਪਣੀ ਜ਼ਮਾਨ ਪਾਰਕ ਸਥਿਤ ਰਿਹਾਇਸ਼ ’ਤੇ ਪੁੱਜੇ।