ਪਾਕਿਸਤਾਨ ਵਿੱਚ ਇੱਕ ਵੱਡੀ ਸਿਆਸੀ ਹਲਚਲ ਹੈ। ਤੋਸ਼ਾਖਾਨਾ ਮਾਮਲੇ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦੋਸ਼ੀ ਪਾਇਆ ਗਿਆ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਸ਼ਨੀਵਾਰ ਦੁਪਹਿਰ ਸਜ਼ਾ ਦਾ ਐਲਾਨ ਕਰਨ ਦੇ ਨਾਲ ਹੀ ਅਦਾਲਤ ਨੇ ਤੁਰੰਤ ਗ੍ਰਿਫਤਾਰੀ ਦੇ ਹੁਕਮ ਦਿੱਤੇ ਸਨ। ਅਦਾਲਤ ਦਾ ਫੈਸਲਾ ਆਉਂਦੇ ਹੀ ਇਮਰਾਨ ਨੂੰ ਕੁਝ ਹੀ ਮਿੰਟਾਂ ‘ਚ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ। ਇਮਰਾਨ ਖਾਨ ‘ਤੇ ਸਰਕਾਰੀ ਤੋਹਫ਼ੇ ਹਜ਼ਮ ਕਰਨ ਦਾ ਦੋਸ਼ ਹੈ।
ਹੇਠਲੀ ਅਦਾਲਤ ਨੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਬੇਈਮਾਨ ਕਰਾਰ ਦਿੰਦਿਆਂ ਭ੍ਰਿਸ਼ਟ ਪਾਇਆ ਹੈ। ਅਦਾਲਤ ਨੇ ਜਿਵੇਂ ਹੀ ਇਹ ਹੁਕਮ ਦਿੱਤਾ, ਪੁਲਿਸ ਨੇ ਲਾਹੌਰ ਦੇ ਜ਼ਮਾਨ ਪਾਰਕ ਸਥਿਤ ਇਮਰਾਨ ਖਾਨ ਦੇ ਘਰ ਨੂੰ ਘੇਰ ਲਿਆ। ਉਨ੍ਹਾਂ ਦੇ ਘਰ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਤੁਰੰਤ ਪੁਲਿਸ ਨੇ ਇਮਰਾਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਕਈ ਵਾਹਨਾਂ ਦੇ ਕਾਫਲੇ ਵਿੱਚ ਜੇਲ੍ਹ ਵੱਲ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਇਮਰਾਨ ਖਾਨ ਨੂੰ ਲਾਹੌਰ ਦੀ ਲਖਪਤ ਜੇਲ੍ਹ ਲਿਜਾਇਆ ਗਿਆ ਹੈ।