ਇਮੀਗ੍ਰੇਸ਼ਨ ਨਿਊਜ਼ੀਲੈਂਡ ਕਾਫੀ ਸਖ਼ਤ ਫੈਸਲਿਆਂ ਲਈ ਜਾਣੀ ਜਾਂਦੀ ਹੈ ਪਰ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਵਿਭਾਗ ਨੂੰ ਇੱਕ ਮਾਂ ਅੱਗੇ ਝੁਕਣਾ ਪਿਆ ਹੈ। ਦਰਅਸਲ ਇੱਕ ਔਰਤ ਲਈ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਡਿਪੋਰਟੇਸ਼ਨ ਦੇ ਹੁਕਮ ਸੁਣਾਏ ਸੀ। ਪਰ ਹੁਣ ਢਾਈ ਸਾਲਾਂ ਦੀ ਲੰਮੀ ਲੜਾਈ ਤੋਂ ਬਾਅਦ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਔਰਤ ਨੂੰ ਪੀ ਆਰ ਦੇ ਦਿੱਤੀ ਹੈ। ਦੱਸ ਦੇਈਏ ਪੇਸ਼ੇ ਵੱਜੋਂ ਇੱਕ ਅਧਿਆਪਿਕ ਫਿਲੀਪੀਨਜ਼ ਮੂਲ ਦੀ 31 ਸਾਲਾ ਚੈਰਿਟੀ ਵਾਲਦੇਜ਼ ਦਾ ਵਿਆਹ ਜ਼ੋਜ਼ੋ ਵਲੇਸਕੋ ਨਾਮ ਦੇ 57 ਸਾਲਾ ਵਿਅਕਤੀ ਨਾਲ ਹੋਇਆ ਸੀ, ਦੋਵਾਂ ਦੇ 1 ਬੱਚੀ ਵੀ ਹੈ। ਪਰ ਪੀਆਰ ਲਈ ਜਦੋਂ ਇਸ ਪਰਿਵਾਰ ਨੇ ਫਾਈਲ ਲਗਾਈ ਤਾਂ ਇਮੀਗ੍ਰੇਸ਼ਨ ਨੇ ਇਸ ਨੂੰ ਇੱਕ ਅਸਲੀ ਰਿਸ਼ਤਾ ਮੰਨਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਢਾਈ ਸਾਲਾਂ ਤੱਕ ਇਹ ਲੜਾਈ ਲੜੀ ਤੇ ਅਖੀਰ ਇਮੀਗ੍ਰੇਸ਼ਨ ਨੂੰ ਇਸ ਮਾਂ ਅੱਗੇ ਝੁਕਣਾ ਪਿਆ ਅਤੇ ਆਪਣਾ ਫੈਸਲਾ ਬਦਲਣਾ ਪਿਆ।