ਅਲਜੀਰੀਆ ਦੀ ਮੁੱਕੇਬਾਜ਼ ਇਮਾਨ ਖਲੀਫ਼ ਨੇ ਪੈਰਿਸ ਓਲੰਪਿਕ ਵਿੱਚ ਆਪਣੇ ਲਈ ਤਮਗਾ ਪੱਕਾ ਕਰ ਲਿਆ ਹੈ। ਉਸ ਨੇ ਮਹਿਲਾ ਮੁੱਕੇਬਾਜ਼ੀ ਦੇ ਵੈਲਟਰਵੇਟ ਵਰਗ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਹੰਗਰੀ ਦੀ ਮੁੱਕੇਬਾਜ਼ ਅੰਨਾ ਹਾਮੋਰੀ ਨੂੰ ਇੱਕਤਰਫ਼ਾ ਮੈਚ ਵਿੱਚ 5-0 ਨਾਲ ਹਰਾਇਆ ਹੈ। ਇਸ ਨਾਲ ਉਸ ਨੇ ਸੈਮੀਫਾਈਨਲ ਲਈ ਵੀ ਕੁਆਲੀਫਾਈ ਕਰ ਲਿਆ। ਭਾਵੇਂ ਉਹ ਸੈਮੀਫਾਈਨਲ ਵਿਚ ਹਾਰ ਜਾਂਦੀ ਹੈ, ਫਿਰ ਵੀ ਉਸ ਨੂੰ ਘੱਟੋ-ਘੱਟ ਕਾਂਸੀ ਦਾ ਤਗਮਾ ਜ਼ਰੂਰ ਮਿਲੇਗਾ। ਇਮਾਨ ਖਲੀਫ਼ ਹਾਲ ਹੀ ਵਿੱਚ ਇਟਲੀ ਦੇ ਖਿਲਾਫ ਮੈਚ ਤੋਂ ਬਾਅਦ ਵਿਵਾਦਾਂ ਵਿੱਚ ਆ ਗਈ ਸੀ। ਇਸ ਮੈਚ ‘ਚ ਉਸ ਦੀ ਵਿਰੋਧੀ ਐਂਜੇਲਾ ਕੈਰੀਨੀ ਨੇ ਸਿਰਫ 46 ਸਕਿੰਟਾਂ ਬਾਅਦ ਹੀ ਖੁਦ ਨੂੰ ਮੈਚ ਤੋਂ ਬਾਹਰ ਕਰ ਲਿਆ ਸੀ। ਇਸ ਤੋਂ ਬਾਅਦ ਖਲੀਫ ‘ਤੇ ਮਰਦ ਹੋਣ ਦੇ ਦੋਸ਼ ਲੱਗੇ ਸਨ।
ਖਲੀਫ ਲੰਬੇ ਸਮੇਂ ਤੋਂ ਆਪਣੇ ਲਿੰਗ ਨੂੰ ਲੈ ਕੇ ਵਿਵਾਦਾਂ ‘ਚ ਰਹੀ ਹੈ। ਇਹ ਵਿਵਾਦ ਓਲੰਪਿਕ ‘ਚ ਵੀ ਸਾਹਮਣੇ ਆਇਆ ਸੀ ਅਤੇ ਉਸ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਲਈ ਓਲੰਪਿਕ ਤਮਗਾ ਪੱਕਾ ਹੋਣ ‘ਤੇ ਉਹ ਕਾਫੀ ਭਾਵੁਕ ਹੋ ਗਈ ਸੀ। ਜਿੱਤ ਤੋਂ ਬਾਅਦ, ਉਹ ਰਿੰਗ ਦੇ ਵਿਚਕਾਰ ਗਈ ਅਤੇ ਆਪਣੇ ਗੋਡਿਆਂ ‘ਤੇ ਬੈਠ ਗਈ ਅਤੇ ਫਰਸ਼ ‘ਤੇ ਮੁੱਕਾ ਮਾਰਿਆ। ਖਲੀਫ ਨੇ ਵੀ ਹੱਥ ਹਿਲਾ ਕੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਉਹ ਰੋਂਦੀ ਨਜ਼ਰ ਆਈ। ਇਸ ਤੋਂ ਬਾਅਦ ਉਹ ਰਿੰਗ ਤੋਂ ਬਾਹਰ ਆਈ ਅਤੇ ਰੋਂਦੀ ਹੋਈ ਆਪਣੇ ਕੋਚ ਨੂੰ ਜੱਫੀ ਪਾ ਲਈ।