ਗੋਆ ‘ਚ 53ਵਾਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਫਿਲਮ ਫੈਸਟੀਵਲ ‘ਚ ਸ਼ਿਰਕਤ ਕਰਨ ਲਈ ਵੱਡੇ-ਵੱਡੇ ਸਿਤਾਰੇ ਗੋਆ ਪਹੁੰਚ ਚੁੱਕੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਜ਼ਰਾਇਲੀ ਫਿਲਮ ਨਿਰਮਾਤਾ ਨਦਾਵ ਲੈਪਿਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਵਿਵੇਕ ਅਗਨੀਹੋਤਰੀ ਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਦੀ ਆਲੋਚਨਾ ਕਰਦੇ ਨਜ਼ਰ ਆ ਰਹੇ ਹਨ।
ਇਜ਼ਰਾਇਲੀ ਫਿਲਮ ਨਿਰਮਾਤਾ ਨੇ ਇਸ ਫਿਲਮ ਨੂੰ ਅਸ਼ਲੀਲ ਕਰਾਰ ਦਿੱਤਾ ਹੈ। ਇਸ 53ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਚ ਇਜ਼ਰਾਇਲੀ ਫਿਲਮ ਨਿਰਮਾਤਾ ਨਦਾਵ ਲੈਪਿਡ ਨੇ ਕਿਹਾ ਕਿ ‘ਦਿ ਕਸ਼ਮੀਰ ਫਾਈਲਜ਼’ ਨੂੰ ਇੱਕ ਪ੍ਰਚਾਰ ਦੇ ਤਹਿਤ ਬਣਾਇਆ ਗਿਆ ਹੈ। ਨਾਦਵ ਲੈਪਿਡ ਨੇ ਉੱਥੇ ਮੌਜੂਦ ਸਾਰੇ ਲੋਕਾਂ ਦੇ ਸਾਹਮਣੇ ਕਿਹਾ, “ਅਸੀਂ ਸਾਰੇ 15ਵੀਂ ਫਿਲਮ ‘ਦਿ ਕਸ਼ਮੀਰ ਫਾਈਲਜ਼’ ਤੋਂ ਪਰੇਸ਼ਾਨ ਅਤੇ ਹੈਰਾਨ ਸੀ, ਇਹ ਫਿਲਮ ਸਾਨੂੰ ਪ੍ਰਚਾਰ ਤੋਂ ਵੱਧ ਕੁੱਝ ਨਹੀਂ ਲੱਗਦੀ ਸੀ। ਇਹ ਬਿਲਕੁਲ ਅਸ਼ਲੀਲ ਅਤੇ ਕਮਜ਼ੋਰ ਕਹਾਣੀ ਸੀ। ਇੰਨੇ ਵੱਡੇ ਵੱਕਾਰੀ ਫਿਲਮ ਫੈਸਟੀਵਲ ਲਈ ਇਹ ਫਿਲਮ ਬਿਲਕੁਲ ਬੇਕਾਰ ਹੈ।
ਇਸ ਪ੍ਰੋਗਰਾਮ ‘ਚ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਸਮੇਤ ਵੱਡੇ ਫਿਲਮੀ ਸਿਤਾਰੇ ਮੌਜੂਦ ਸਨ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਵਿਵੇਕ ਅਗਨੀਹੋਤਰੀ ਦੁਆਰਾ ਬਣਾਈ ਗਈ ਇਸ ਫਿਲਮ ਵਿੱਚ ਅਨੁਪਮ ਖੇਰ, ਮਿਥੁਨ ਚੱਕਰਵਰਤੀ ਅਤੇ ਪੱਲਵੀ ਜੋਸ਼ੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ਇਹ ਫਿਲਮ ਕਸ਼ਮੀਰੀ ਪੰਡਤਾਂ ‘ਤੇ ਆਧਾਰਿਤ ਹੈ।