ਅੱਜ ਦੀ ਭੱਜ ਦੋੜ ਵਾਲੀ ਜ਼ਿੰਦਗੀ ‘ਚ ਤੰਦਰੁਸਤ ਅਤੇ ਫਿੱਟ ਰਹਿਣ ਲਈ ਹਰ ਵਿਅਕਤੀ ਨੂੰ ਕਾਫੀ ਮਿਹਨਤ ਕਰਨੀ ਪੈਦੀ ਹੈ। ਆਪਣੇ ਆਪ ਨੂੰ ਫਿੱਟ ਅਤੇ ਤੰਦਰੁਸਤ ਰੱਖਣ ਲਈ ਹਰ ਵਿਅਕਤੀ ਕਸਰਤ ਦਾ ਸਹਾਰਾ ਲੈਂਦਾ ਹੈ। ਪਰ ਸ਼ੁਰੂਆਤੀ ਦਿਨਾਂ ਵਿੱਚ ਕਸਰਤ ਕਰਨ ਤੋਂ ਬਾਅਦ ਮਾਸਪੇਸ਼ੀਆਂ ਵਿੱਚ ਅਕਸਰ ਬਹੁਤ ਖਤਰਨਾਕ ਦਰਦ ਹੁੰਦਾ ਹੈ। ਦਰਦ ਦੇ ਕਾਰਨ ਹੀ ਵਿਅਕਤੀ ਕਸਰਤ ਕਰਨਾ ਪਸੰਦ ਨਹੀਂ ਕਰਦਾ ਅਤੇ ਪੈਦਲ ਚੱਲਣ ਦੀ ਤਾਕਤ ਵੀ ਨਹੀਂ ਰਹਿੰਦੀ ਪਰ ਤੁਸੀਂ ਕੁੱਝ ਆਸਾਨ ਟਿਪਸ ਰਾਹੀਂ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ ਜੋ ਕਿ ਇਸ ਪ੍ਰਕਾਰ ਹਨ।
ਹੌਲੀ ਹੌਲੀ ਕਸਰਤ ਸ਼ੁਰੂ ਕਰੋ – ਜੇ ਤੁਸੀਂ ਪਹਿਲੀ ਵਾਰ ਕਸਰਤ ਕਰ ਰਹੇ ਹੋ, ਤਾਂ ਅਭਿਆਸ ਨਾਲ ਅਰੰਭ ਕਰੋ। ਇਸ ਦੌਰਾਨ ਆਪਣੇ ਸਾਹ ਵੱਲ ਪੂਰਾ ਧਿਆਨ ਦਿਓ।
ਆਈਸ ਪੈਕ – ਜੇ ਤੁਸੀਂ ਚਾਹੋ ਤਾਂ ਤੁਸੀਂ ਦਰਦ ਘਟਾਉਣ ਲਈ ਆਈਸ ਪੈਕ ਦੀ ਵਰਤੋਂ ਵੀ ਕਰ ਸਕਦੇ ਹੋ। ਤੁਹਾਨੂੰ ਬਜ਼ਾਰ ਵਿੱਚ ਆਈਸ ਪੈਕ ਆਸਾਨੀ ਨਾਲ ਮਿਲ ਜਾਣਗੇ। ਇਸ ਤੋਂ ਇਲਾਵਾ, ਸੂਤੀ ਕੱਪੜੇ ਜਾਂ ਤੌਲੀਏ ਵਿੱਚ ਬਰਫ਼ ਨੂੰ ਲਪੇਟ ਕੇ ਤੁਸੀਂ ਇਸ ਨੂੰ ਕੁੱਝ ਦੇਰ ਲਈ ਦਰਦ ਵਾਲੀ ਥਾਂ ‘ਤੇ ਵੀ ਲਗਾ ਸਕਦੇ ਹੋ।
ਗਰਮ ਪਾਣੀ ਨਾਲ ਨਹਾਓ – ਕਸਰਤ ਤੋਂ ਬਾਅਦ ਸਰੀਰ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਹਾਨੂੰ ਗਰਮ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਇਸ ਦੇ ਲਈ ਕੋਸੇ ਪਾਣੀ ‘ਚ ਅਰੋਮਾ ਤੇਲ ਦੀਆਂ ਕੁੱਝ ਬੂੰਦਾਂ ਮਿਲਾਓ ਅਤੇ 4-5 ਮਿੰਟ ਲਈ ਛੱਡ ਦਿਓ। ਬਾਅਦ ਵਿੱਚ ਇਸ ਪਾਣੀ ਨਾਲ ਇਸ਼ਨਾਨ ਕਰੋ।
ਮਾਲਿਸ਼ – ਤੇਲ ਨਾਲ ਸਰੀਰ ਦੀ ਮਾਲਿਸ਼ ਕਰੋ। ਇਸ ਤੋਂ ਇਲਾਵਾ ਸਪਾ ਲੈਣਾ ਵੀ ਸਹੀ ਹੋਵੇਗਾ। ਇਹ ਤੁਹਾਡੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਦੇ ਦਰਦ ਨੂੰ ਘੱਟ ਕਰੇਗਾ।
ਤਰਲ ਪਦਾਰਥ ਪੀਓ – ਸਰੀਰ ਵਿੱਚ ਪਾਣੀ ਦੀ ਕਮੀ ਹੋਣ ਤੇ ਵੀ ਦਰਦ ਮਹਿਸੂਸ ਹੁੰਦਾ ਹੈ। ਇਸ ਲਈ ਕਸਰਤ ਦੇ ਦੌਰਾਨ ਅਤੇ ਬਾਅਦ ਵਿੱਚ ਖਾਸ ਕਰਕੇ ਪਾਣੀ ਪੀਣਾ ਜਾਰੀ ਰੱਖੋ। ਇਸ ਤੋਂ ਇਲਾਵਾ ਤੁਹਾਨੂੰ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੇ ਰਸ, ਸਮੂਦੀ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।
ਚੈਰੀ ਦਾ ਜੂਸ – ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਪਾਉਣ ਵਿੱਚ ਚੈਰੀ ਦਾ ਜੂਸ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸ ਵਿੱਚ ਮੌਜੂਦ ਪੌਸ਼ਟਿਕ ਤੱਤ ਅਤੇ ਐਂਟੀ-ਆਕਸੀਡੈਂਟ ਗੁਣ ਦਰਦ ਤੋਂ ਰਾਹਤ ਪਾਉਣ ਵਿੱਚ ਮਦਦ ਕਰਦੇ ਹਨ।