ਵਿਸ਼ਵ ਕੱਪ 2023 ਵਿਚਾਲੇ ਸ਼੍ਰੀਲੰਕਾ ਕ੍ਰਿਕਟ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ। ਇਸ ਤੋਂ ਪਹਿਲਾਂ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਸ਼੍ਰੀਲੰਕਾ ਸਰਕਾਰ ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਦੇ ਸਾਰੇ ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਦੌਰਾਨ ਹੁਣ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਸਖ਼ਤ ਕਾਰਵਾਈ ਕਰਦੇ ਹੋਏ ਸ਼੍ਰੀਲੰਕਾ ਕ੍ਰਿਕਟ (SLC) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਆਈਸੀਸੀ ਦਾ ਇਹ ਫੈਸਲਾ ਸ਼੍ਰੀਲੰਕਾ ਦੀ ਸੰਸਦ ਵੱਲੋਂ ਵੀਰਵਾਰ ਨੂੰ ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕੀਤੇ ਜਾਣ ਤੋਂ ਬਾਅਦ ਆਇਆ ਹੈ। ਮਤੇ ਵਿੱਚ ਸ੍ਰੀਲੰਕਾ ਕ੍ਰਿਕਟ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਸੀ ਜਿਸ ਦਾ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੋਵਾਂ ਨੇ ਸਮਰਥਨ ਕੀਤਾ ਸੀ।
ਆਈਸੀਸੀ ਨੇ ਸਿੱਟਾ ਕੱਢਿਆ ਕਿ ਸ਼੍ਰੀਲੰਕਾ ਕ੍ਰਿਕਟ ਇੱਕ ਮੈਂਬਰ ਦੇ ਰੂਪ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਦੀ ਗੰਭੀਰ ਉਲੰਘਣਾ ਕਰ ਰਿਹਾ ਹੈ। ਉਸਨੂੰ ਆਪਣੇ ਸਾਰੇ ਮਾਮਲਿਆਂ ਦਾ ਸੁਤੰਤਰ ਤੌਰ ‘ਤੇ ਪ੍ਰਬੰਧਨ ਕਰਨ ਦੀ ਜ਼ਰੂਰਤ ਹੈ। ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸ਼ਾਸਨ ਜਾਂ ਪ੍ਰਸ਼ਾਸਨ ਵਿੱਚ ਕੋਈ ਸਰਕਾਰੀ ਦਖਲਅੰਦਾਜ਼ੀ ਨਾ ਹੋਵੇ।
ਸ਼੍ਰੀਲੰਕਾ ਪਿਛਲੇ ਚਾਰ ਸਾਲਾਂ ਵਿੱਚ ਆਈਸੀਸੀ ਦੁਆਰਾ ਮੁਅੱਤਲ ਹੋਣ ਵਾਲਾ ਦੂਜਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ 2019 ‘ਚ ICC ਨੇ ਜ਼ਿੰਬਾਬਵੇ ਕ੍ਰਿਕਟ ਬੋਰਡ ‘ਤੇ ਪਾਬੰਦੀ ਲਗਾ ਦਿੱਤੀ ਸੀ। ਜ਼ਿੰਬਾਬਵੇ ਕ੍ਰਿਕਟ ਬੋਰਡ ਨੂੰ ਵੀ ਸਰਕਾਰੀ ਦਖਲ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਸਰਕਾਰੀ ਦਖਲਅੰਦਾਜ਼ੀ ਹੀ ਸ਼੍ਰੀਲੰਕਾ ਕ੍ਰਿਕਟ ਬੋਰਡ ਦੀ ਮੁਅੱਤਲੀ ਦਾ ਕਾਰਨ ਬਣੀ। ਸ਼੍ਰੀਲੰਕਾ ਕ੍ਰਿਕਟ ਬੋਰਡ ਬਾਰੇ ਅਗਲੇ ਫੈਸਲੇ ਆਈਸੀਸੀ ਦੀ 21 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਲਏ ਜਾਣਗੇ।
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਨੇ 2 ਨਵੰਬਰ ਨੂੰ ਵਿਸ਼ਵ ਕੱਪ 2023 ਦੇ 33ਵੇਂ ਲੀਗ ਮੈਚ ‘ਚ ਖਰਾਬ ਫਾਰਮ ‘ਚ ਚੱਲ ਰਹੀ ਸ਼੍ਰੀਲੰਕਾ ਦੀ ਟੀਮ ਨੂੰ 55 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਸੀ ਅਤੇ 302 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਸ਼੍ਰੀਲੰਕਾ ਦੇ ਖੇਡ ਮੰਤਰੀ ਰੋਸ਼ਨ ਰਣਸਿੰਘੇ ਨੂੰ ਭਾਰਤ ਖਿਲਾਫ ਟੀਮ ਦਾ ਪ੍ਰਦਰਸ਼ਨ ਪਸੰਦ ਨਹੀਂ ਆਇਆ ਸੀ। ਸੋਮਵਾਰ, 06 ਨਵੰਬਰ ਨੂੰ, ਉਨ੍ਹਾਂ ਨੇ ਪੂਰੇ ਕ੍ਰਿਕਟ ਬੋਰਡ ਨੂੰ ਬਰਖਾਸਤ ਕਰ ਦਿੱਤਾ ਸੀ ਅਤੇ 1996 ਵਿੱਚ ਸ਼੍ਰੀਲੰਕਾ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਸਾਬਕਾ ਕਪਤਾਨ ਅਰਜੁਨ ਰਣਤੁੰਗਾ ਨੂੰ ਬੋਰਡ ਦਾ ਅੰਤ੍ਰਿਮ ਮੈਂਬਰ ਬਣਾਇਆ ਸੀ।