ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਇੰਗਲੈਂਡ ਅਤੇ ਨਿਊਜ਼ੀਲੈਂਡ ਨੂੰ ਤਿੰਨ ਪੈਨਲਟੀ ਪੁਆਇੰਟ ਕੱਟ ਕੇ ਸਜ਼ਾ ਦਿੱਤੀ ਹੈ। ਕ੍ਰਾਈਸਟਚਰਚ ਵਿੱਚ ਖੇਡੇ ਗਏ ਪਹਿਲੇ ਟੈਸਟ ਵਿੱਚ ਸਲੋ ਓਵਰ ਰੇਟ ਕਾਰਨ ਦੋਵਾਂ ਟੀਮਾਂ ਨੂੰ ਪੈਨਲਟੀ ਲਗਾਈ ਗਈ ਹੈ। ਇੰਗਲੈਂਡ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੈ, ਦੂਜੇ ਪਾਸੇ ਇਸ ਪੈਨਲਟੀ ਨੇ ਕੀਵੀ ਟੀਮ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ ਹੈ। 3 ਅੰਕਾਂ ਦੀ ਕਟੌਤੀ ਕਾਰਨ ਨਿਊਜ਼ੀਲੈਂਡ ਹੁਣ WTC ਅੰਕ ਸੂਚੀ ਵਿੱਚ ਚੌਥੇ ਤੋਂ ਪੰਜਵੇਂ ਸਥਾਨ ‘ਤੇ ਖਿਸਕ ਗਿਆ ਹੈ ਅਤੇ ਸ਼੍ਰੀਲੰਕਾ ਨੂੰ ਤੋਹਫੇ ਵੱਜੋਂ ਨੰਬਰ-4 ਮਿਲਿਆ ਹੈ।
ਨਿਊਜ਼ੀਲੈਂਡ ਦੀ ਅੰਕ ਪ੍ਰਤੀਸ਼ਤਤਾ ਹੁਣ ਘੱਟ ਕੇ 47.92 ‘ਤੇ ਆ ਗਈ ਹੈ ਅਤੇ ਅਗਲੇ ਸਾਰੇ ਮੈਚ ਜਿੱਤ ਕੇ ਇਸ ਦੀ ਪ੍ਰਤੀਸ਼ਤਤਾ ਵੱਧ ਤੋਂ ਵੱਧ 55.36 ਤੱਕ ਜਾ ਸਕਦੀ ਹੈ। ਮੌਜੂਦਾ ਸਮੇਂ ‘ਚ ਆਸਟਰੇਲੀਆ, ਸ਼੍ਰੀਲੰਕਾ, ਦੱਖਣੀ ਅਫਰੀਕਾ ਅਤੇ ਭਾਰਤ ਕੀਵੀ ਟੀਮ ਤੋਂ ਅੱਗੇ ਹਨ। ਟੀਮ ਇੰਡੀਆ ਪਹਿਲੇ (61.11), ਦੱਖਣੀ ਅਫਰੀਕਾ ਦੂਜੇ (59.26), ਆਸਟਰੇਲੀਆ ਤੀਜੇ (57.26) ਅਤੇ ਸ਼੍ਰੀਲੰਕਾ (50) ਚੌਥੇ ਸਥਾਨ ‘ਤੇ ਹੈ। ਹੁਣ ਨਿਊਜ਼ੀਲੈਂਡ ਦੇ ਫਾਈਨਲ ਦਾ ਸਮੀਕਰਨ ਅਜਿਹਾ ਹੈ ਕਿ ਜੇਕਰ ਉਹ ਇੰਗਲੈਂਡ ਖਿਲਾਫ ਬਾਕੀ ਦੋਵੇਂ ਮੈਚ ਜਿੱਤ ਵੀ ਲੈਂਦੀ ਹੈ ਤਾਂ ਵੀ ਫਾਈਨਲ ‘ਚ ਜਗ੍ਹਾ ਬਣਾਉਣ ਲਈ ਉਸ ਨੂੰ ਦੂਜਿਆਂ ‘ਤੇ ਨਿਰਭਰ ਰਹਿਣਾ ਪਵੇਗਾ।
ਆਈ.ਸੀ.ਸੀ. ਨੇ ਪੈਨਲਟੀ ਨੂੰ ਲੈ ਕੇ ਬਿਆਨ ਜਾਰੀ ਕਰਦੇ ਹੋਏ ਕਿਹਾ, ”ਅਗਲੇ ਸਾਲ ਲਾਰਡਸ ਦੇ ਮੈਦਾਨ ‘ਤੇ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਦੌੜ ‘ਚ ਇਕ ਮੋੜ ਆ ਗਿਆ ਹੈ।ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਮੈਚ ‘ਚ ਸਲੋ-ਓਵਰ ਰੇਟ ਕਾਰਨ ਦੋਵਾਂ ਟੀਮਾਂ ਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਤਿੰਨ ਅੰਕਾਂ ਦੀ ਕਟੌਤੀ ਦੇ ਨਾਲ 15 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ।”