ਲੁਧਿਆਣਾ ‘ਚ ਫਿਰੋਜ਼ਪੁਰ ਰੋਡ ‘ਤੇ ਸਥਿਤ ਹਯਾਤ ਰੀਜੈਂਸੀ ਹੋਟਲ ਨੂੰ ਧਮਕੀ ਦਿੱਤੀ ਗਈ ਹੈ। ਸੋਸ਼ਲ ਮੀਡੀਆ ਰਾਹੀਂ ਹੋਟਲ ਨੂੰ ਉਡਾਉਣ ਦੀ ਗੱਲ ਕਹੀ ਹੈ। ਹੋਟਲ ਮੈਨੇਜਰ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ। ਸੂਚਨਾ ਮਿਲਣ ਮਗਰੋਂ ਹੋਟਲ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਜੇਸੀਪੀ ਸੌਮਿਆ ਮਿਸ਼ਰਾ, ਏਡੀਸੀਪੀ ਸਮੀਰ, ਏਡੀਸੀਪੀ ਤੁਸ਼ਾਰ ਗੁਪਤਾ, ਏਸੀਪੀ ਰਾਜੇਸ਼ ਸ਼ਰਮਾ, ਸੀਆਈਏ-1 ਅਤੇ ਸੀਆਈਏ-2 ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲੀਸ ਨੇ ਫਿਰੋਜ਼ਪੁਰ ਰੋਡ ’ਤੇ ਸਥਿਤ ਰਿਜੈਂਸੀ ਹੋਟਲ ਦੀ ਘੇਰਾਬੰਦੀ ਕਰ ਦਿੱਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਧਮਕੀ ਦੇਣ ਵਾਲੇ ਵਿਅਕਤੀ ਦਾ ਪਤਾ ਲਗਾ ਲਿਆ ਹੈ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦਿੱਲੀ ਦਾ ਰਹਿਣ ਵਾਲਾ ਹੈ। ਲੁਧਿਆਣਾ ਪੁਲਿਸ ਨੇ ਦਿੱਲੀ ਪੁਲਿਸ ਨਾਲ ਸੰਪਰਕ ਕੀਤਾ ਹੈ। ਜਲਦ ਹੀ ਪੁਲਿਸ ਦੋਸ਼ੀਆਂ ਤੱਕ ਪਹੁੰਚ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਧਮਕੀ ਦੇਣ ਵਾਲਾ ਮਾਨਸਿਕ ਰੋਗੀ ਹੈ। ਬਾਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਿਲ੍ਹਾ ਪੁਲਿਸ ਨੇ ਹਯਾਤ ਰੀਜੈਂਸੀ ਵਿੱਚ ਲਗਾਤਾਰ ਤਿੰਨ ਘੰਟੇ ਤਲਾਸ਼ੀ ਮੁਹਿੰਮ ਚਲਾਈ ਸੀ। ਪੁਲਿਸ ਫੋਰਸ ਰੀਜੈਂਸੀ ਦੇ ਹਰ ਕੋਨੇ ਕੋਨੇ ‘ਤੇ ਤਾਇਨਾਤ ਸੀ। ਇਸ ਦੇ ਨਾਲ ਹੀ ਰੀਜੈਂਸੀ ਦੇ ਸਾਹਮਣੇ ਪੁਲ ‘ਤੇ ਸੁਰੱਖਿਆ ਲਈ ਫੋਰਸ ਵੀ ਤਾਇਨਾਤ ਕੀਤੀ ਗਈ ਸੀ। ਮਾਮਲਾ ਹਾਈ ਪ੍ਰੋਫਾਈਲ ਹੋਣ ਕਾਰਨ ਜ਼ਿਲ੍ਹਾ ਪੁਲਿਸ ਨੇ ਕੁੱਝ ਚੈਕਿੰਗ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਲੋਕਾਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ | ਇਸ ਦੇ ਨਾਲ ਹੀ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।