ਉੱਤਰ ਪ੍ਰਦੇਸ਼ ਦੇ ਬਹਿਰਾਇਚ ਸ਼ਹਿਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਦੋ ਪਰਿਵਾਰਾਂ ਵਿੱਚ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ ਪਰ ਹੈਰਾਨੀਜਨਕ ਗੱਲ ਇਹ ਹੈ ਕਿ ਕਾਰਨ ਵੀ ਅਜਿਹਾ ਸਾਹਮਣੇ ਆਇਆ ਹੈ, ਜਿਸ ਦੇ ਬਾਰੇ ਸ਼ਾਇਦ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਅਜਿਹਾ ਵੀ ਹੋ ਸਕਦਾ ਹੈ, ਦਰਅਸਲ ਇੱਕ ਪਰਿਵਾਰ ਆਪਣੇ 22 ਸਾਲ ਦੇ ਮੁੰਡੇ ਨੂੰ ਵਿਆਉਣ ਜਾਂਦਾ ਹੈ ਅਤੇ 20 ਸਾਲ ਦੀ ਕੁੜੀ ਨੂੰ ਨੂੰਹ ਬਣਾ ਕੇ ਖੁਸ਼ੀ-ਖੁਸ਼ੀ ਵਾਪਿਸ ਪਰਤਦਾ ਹੈ, ਨਵੀਂ ਲਾੜੀ ਦੇ ਆਉਣ ‘ਤੇ ਪਰਿਵਾਰਕ ਮੈਂਬਰਾਂ ਵੱਲੋਂ ਵਿਆਹ ਦੀਆਂ ਕਈ ਰਸਮਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਲਾੜਾ-ਲਾੜੀ ਦੋਵੇਂ ਰਾਤ ਨੂੰ ਸੌਣ ਲਈ ਕਮਰੇ ‘ਚ ਚਲੇ ਜਾਂਦੇ ਨੇ।
ਅਗਲੀ ਸਵੇਰ ਜਦੋਂ ਲਾੜਾ-ਲਾੜੀ ਵਿੱਚੋਂ ਕੋਈ ਵੀ ਕਮਰੇ ਵਿੱਚੋਂ ਬਾਹਰ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ। ਪਰਿਵਾਰਕ ਮੈਂਬਰ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਂਦੇ ਰਹੇ। ਇਸ ਤੋਂ ਬਾਅਦ ਜਦੋਂ ਦਰਵਾਜ਼ਾ ਤੋੜਿਆ ਤਾਂ ਦੋਵਾਂ ਨੂੰ ਦੇਖ ਸਭ ਦੇ ਹੋਸ਼ ਉੱਡ ਗਏ, ਇਸ ਦੌਰਾਨ ਪਰਿਵਾਰ ਜਦੋਂ ਕਮਰੇ ‘ਚ ਪਹੁੰਚ ਦਾ ਹੈ ਤਾਂ ਪਰਿਵਾਰ ਵੱਲੋਂ ਦੋਵਾਂ ਨੂੰ ਉਠਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਅਤੇ ਇਸ ਮਗਰੋਂ ਦੋਵਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਪੋਸਟਮਾਰਟਮ ਕੀਤਾ ਜਾਂਦਾ ਹੈ ਅਤੇ ਮੌਤ ਦਾ ਜੋ ਕਾਰਨ ਸਾਹਮਣੇ ਆਇਆ ਉਹ ਹੈਰਾਨ ਕਰਨ ਵਾਲਾ ਸੀ। ਦਰਅਸਲ ਦੋਵਾਂ ਨੂੰ ਇਕੱਠੇ ਦਿਲ ਦਾ ਦੌਰਾ ਪਿਆ ਸੀ।
ਉੱਥੇ ਹੀ ਇਸ ਦੌਰਾਨ ਜਦੋਂ ਮਾਮਲਾ ਪੁਲਿਸ ਦੇ ਧਿਆਨ ‘ਚ ਆਇਆ ਤਾਂ ਪੁਲਿਸ ਦੇ ਵੱਲੋਂ ਦੋਵਾਂ ਮ੍ਰਿਤਕਾਂ ਦਾ ਪੋਸਟ ਮਾਰਟਮ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਦੇ ਵਿੱਚ ਹਾਰਟ ਅਟੈਕ ਨੂੰ ਹੀ ਕਾਰਨ ਦੱਸਿਆ ਗਿਆ ਹੈ। ਇਸ ਦੌਰਾਨ ਇੱਕ ਸਥਾਨਕ ਚੈੱਨਲ ਨੇ ਪੁਲਿਸ ਦੇ ਹਵਾਲੇ ਨਾਲ ਲਿਖਿਆ ਹੈ ਕਿ ਪਤੀ-ਪਤਨੀ ਦੀ ਕੋਈ ਮੈਡੀਕਲ ਹਿਸਟਰੀ ਨਹੀਂ ਸੀ। ਨਾ ਹੀ ਦੋਵਾਂ ਦੇ ਕਮਰੇ ਵਿਚ ਜ਼ਬਰਦਸਤੀ ਦਾਖਲ ਹੋਣ ਦੇ ਕੋਈ ਨਿਸ਼ਾਨ ਸਨ ਅਤੇ ਨਾ ਹੀ ਉਨ੍ਹਾਂ ਦੇ ਸਰੀਰਾਂ ‘ਤੇ ਸੱਟ ਦਾ ਕੋਈ ਨਿਸ਼ਾਨ ਸੀ।