ਅਮਰੀਕਾ ਦੇ ਦੱਖਣ-ਪੱਛਮੀ ਫਲੋਰੀਡਾ ਨਾਲ ਟਕਰਾਉਣ ਵਾਲੇ ਚੱਕਰਵਾਤ ‘ਇਆਨ’ ਨੇ ਵੱਡੀ ਤਬਾਹੀ ਮਚਾਈ ਹੈ। ਇਸ ਚੱਕਰਵਾਤ ਕਾਰਨ ਬੁਨਿਆਦੀ ਢਾਂਚੇ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਬਿਜਲੀ ਬੰਦ ਹੋਣ ਕਾਰਨ ਕਰੀਬ 25 ਲੱਖ ਲੋਕ ਪ੍ਰਭਾਵਿਤ ਹੋਏ ਹਨ। ਵੀਰਵਾਰ ਨੂੰ ਚੱਕਰਵਾਤ ਕਾਰਨ ਆਏ ਹੜ੍ਹਾਂ ‘ਚ ਲੋਕ ਫਸ ਗਏ। ਚੱਕਰਵਾਤ ਕਾਰਨ ਇੱਕ ਮਹੱਤਵਪੂਰਨ ਪੁਲ ਦਾ ਮੁੱਖ ਖੇਤਰ ਨਾਲ ਸੰਪਰਕ ਟੁੱਟ ਗਿਆ। ਅਮਰੀਕਾ ਨਾਲ ਟਕਰਾਉਣ ਵਾਲੇ ਸਭ ਤੋਂ ਸ਼ਕਤੀਸ਼ਾਲੀ ਚੱਕਰਵਾਤਾਂ ਵਿੱਚੋਂ ਇੱਕ ਇਆਨ ਨੇ ਬੁੱਧਵਾਰ ਨੂੰ ਫਲੋਰੀਡਾ ਪ੍ਰਾਇਦੀਪ ਨੂੰ ਤਬਾਹ ਕਰ ਦਿੱਤਾ ਅਤੇ ਭਾਰੀ ਹੜ੍ਹਾਂ ਦਾ ਕਾਰਨ ਬਣ ਗਿਆ।
ਚੱਕਰਵਾਤੀ ਤੂਫ਼ਾਨ ਇਆਨ ਦੇ ਪ੍ਰਭਾਵ ਕਾਰਨ ਫਲੋਰੀਡਾ ਅਤੇ ਦੱਖਣ-ਪੂਰਬੀ ਅਟਲਾਂਟਿਕ ਤੱਟ ਤੱਕ ਦੇ ਖੇਤਰ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਫਲੋਰੀਡਾ ਵਿੱਚ ਚੱਕਰਵਾਤ ਕਾਰਨ ਇੱਕ ਮੌਤ ਦੀ ਪੁਸ਼ਟੀ ਵੀ ਕੀਤੀ ਹੈ। ਵੋਲੁਸੀਆ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਡੇਟੋਨਾ ਬੀਚ ਦੇ ਨੇੜੇ ਡੇਲਟੋਨਾ ਵਿੱਚ ਵੀਰਵਾਰ ਤੜਕੇ ਇੱਕ 72 ਸਾਲਾ ਵਿਅਕਤੀ ਆਪਣੇ ਘਰ ਦੇ ਪਿੱਛੇ ਇੱਕ ਨਹਿਰ ਵਿੱਚ ਮ੍ਰਿਤਕ ਪਾਇਆ ਗਿਆ। ਫਲੋਰਿਡਾ ਦੇ ਇਕ ਹੋਰ ਸ਼ੈਰਿਫ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਮਰਨ ਵਾਲਿਆਂ ਦੀ ਗਿਣਤੀ “ਸੈਂਕੜਿਆਂ” ਵਿਚ ਹੋਵੇਗੀ। ਲੀ ਕਾਉਂਟੀ ਸ਼ੈਰਿਫ ਕਾਰਮਿਨ ਮਾਰਸੇਨੋ ਨੇ ਇੱਕ ਚੈਨਲ ਨੂੰ ਦੱਸਿਆ ਕਿ ਉਸ ਦੇ ਦਫਤਰ ਨੂੰ ਮਦਦ ਲਈ ਕਾਉਂਟੀ ਤੋਂ ਸੈਂਕੜੇ ਕਾਲਾਂ ਆ ਰਹੀਆਂ ਹਨ, ਪਰ ਸੜਕਾਂ ਅਤੇ ਪੁਲਾਂ ਦੇ ਟੁੱਟਣ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।