ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਨੇ ਸ਼ੁੱਕਰਵਾਰ ਨੂੰ ਆਪਣੀ ਪਤਨੀ ਦੁਆਰਾ ਲਗਾਏ ਗਏ ਦੋਸ਼ਾਂ ‘ਤੇ ਆਪਣੀ ਚੁੱਪੀ ਤੋੜੀ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਲਗਾਏ ਦੋਸ਼ਾਂ ਬਾਰੇ ਅਧਿਕਾਰਤ ਬਿਆਨ ਜਾਰੀ ਕੀਤਾ। ਇੰਸਟਾਗ੍ਰਾਮ ‘ਤੇ ਜਾਰੀ ਇੱਕ ਬਿਆਨ ਵਿੱਚ, ਗਾਇਕ-ਰੈਪਰ ਨੇ ਲਿਖਿਆ, ”20 ਸਾਲ ਤੋਂ ਮੇਰੀ ਸਾਥੀ/ਪਤਨੀ, ਸ਼ਾਲਿਨੀ ਤਲਵਾਰ ਵੱਲੋਂ ਮੇਰੇ ਤੇ ਮੇਰੇ ਪਰਿਵਾਰ ਉੱਪਰ ਲਗਾਏ ਗਏ ਝੂਠੇ ਇਲਜਾਮਾਂ ਤੋਂ ਮੈਂ ਬਹੁਤ ਦੁਖੀ ਤੇ ਬੇਚੈਨ ਹਾਂ। ਇਲਜ਼ਾਮ ਗੰਭੀਰ ਰੂਪ ‘ਚ ਨਿੰਦਾਯੋਗ ਹਨ। ਮੇਰੇ ਗਾਣਿਆਂ ਦੀ ਆਲੋਚਨਾ, ਮੇਰੀ ਸਿਹਤ ਸਬੰਧੀ ਕਿਆਸ ਤੇ ਨੈਗੇਟਿਵ ਮੀਡੀਆ ਕਵਰੇਜ ਦੇ ਬਾਵਜੂਦ ਮੈਂ ਕਦੇ ਵੀ ਜਨਤਕ ਬਿਆਨ ਜਾਂ ਪ੍ਰੈੱਸ ਨੋਟ ਜਾਰੀ ਨਹੀਂ ਕੀਤਾ ਹੈ।” ਹਾਲਾਂਕਿ ਇਸ ਵਾਰ ਮੈਨੂੰ ਇਸ ਮਾਮਲੇ ‘ਤੇ ਚੁੱਪ ਧਾਰਨੀ ਠੀਕ ਨਹੀਂ ਲੱਗੀ ਕਿਉਂਕਿ ਕੁੱਝ ਇਲਜ਼ਾਮ ਮੇਰੇ ਪਰਿਵਾਰ, ਮੇਰੇ ਬਜ਼ੁਰਗ ਮਾਤਾ-ਪਿਤਾ ਅਤੇ ਛੋਟੀ ਭੈਣ ‘ਤੇ ਲਗਾਏ ਗਏ ਹਨ, ਜਿਹੜੇ ਮੁਸ਼ਕਿਲ ਸਮੇਂ ਦੌਰਾਨ ਮੇਰੇ ਨਾਲ ਖੜ੍ਹੇ ਰਹੇ ਹਨ।
ਹਨੀ ਸਿੰਘ ਨੇ ਆਪਣੇ ਬਿਆਨ ਵਿੱਚ ਅੱਗੇ ਲਿਖਿਆ “ਮੈਂ ਇਸ ਇੰਡਸਟਰੀ ‘ਚ 15 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਜੁੜਿਆ ਹਾਂ ਅਤੇ ਦੇਸ਼ ਭਰ ਦੇ ਕਲਾਕਾਰਾਂ ਤੇ ਸੰਗੀਤਕਾਰਾਂ ਨਾਲ ਕੰਮ ਕੀਤਾ ਹੈ। ਮੇਰੀ ਪਤਨੀ ਨਾਲ ਮੇਰੇ ਰਿਸ਼ਤੇ ਤੋਂ ਹਰ ਕੋਈ ਵਾਕਿਫ਼ ਹੈ, ਜੋ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਮੇਰੇ ਕਰੂ ਦਾ ਅਟੁੱਟ ਹਿੱਸਾ ਰਹੀ ਹੈ ਤੇ ਹਮੇਸ਼ਾ ਮੇਰੇ ਨਾਲ ਸ਼ੂਟਿੰਗ, ਇਵੈਂਟਸ ਤੇ ਮੀਟਿੰਗਜ਼ ‘ਚ ਜਾਂਦੀ ਰਹੀ ਹੈ। ਮੈਂ ਸਾਰੇ ਦੋਸ਼ਾਂ ਦਾ ਪੂਰੀ ਤਰ੍ਹਾਂ ਨਾਲ ਖੰਡਨ ਕਰਦਾ ਹਾਂ ਪਰ ਅੱਗੇ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੈ। ਮੈਨੂੰ ਦੇਸ਼ ਦੀ ਨਿਆਂ ਵਿਵਸਥਾ ‘ਤੇ ਪੂਰਾ ਯਕੀਨ ਹੈ ਤੇ ਵਿਸ਼ਵਾਸ ਹੈ ਕਿ ਸਚਾਈ ਜਲਦ ਹੀ ਸਾਹਮਣੇ ਆਵੇਗੀ। ਮਾਮਲਾ ਅਦਾਲਤ ‘ਚ ਹੈ ਤੇ ਅਦਾਲਤ ਨੇ ਮੈਨੂੰ ਅਜਿਹੇ ਦੋਸ਼ਾਂ ਦਾ ਜਵਾਬ ਦੇਣ ਦਾ ਮੌਕਾ ਦਿੱਤਾ ਹੈ। ਇਸ ਦੌਰਾਨ ਮੈਂ ਆਪਣੇ ਪ੍ਰਸ਼ੰਸਕਾਂ ਤੇ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਮੇਰੇ ਅਤੇ ਮੇਰੇ ਪਰਿਵਾਰ ਬਾਰੇ ਕਿਸੇ ਨਤੀਜੇ ਤੱਕ ਨਾ ਪਹੁੰਚਣ ਜਦੋਂ ਤੱਕ ਕਿ ਅਦਾਲਤ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਫ਼ੈਸਲਾ ਨਾ ਸੁਣਾਵੇ।”
ਦੱਸ ਦੇਈਏ ਕਿ ਯੋ ਯੋ ਹਨੀ ਸਿੰਘ ਦੇ ਨਾਂ ਨਾਲ ਮਸ਼ਹੂਰ ਰੈਪਰ ਅਤੇ ਸੰਗੀਤਕਾਰ ਹਰਦੇਸ਼ ਸਿੰਘ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਮੰਗਲਵਾਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਉਨ੍ਹਾਂ ਦੇ ਖਿਲਾਫ ਘਰੇਲੂ ਹਿੰਸਾ ਦਾ ਕੇਸ ਦਾਇਰ ਕੀਤਾ ਹੈ।