ਬੀਤੇ ਦਿਨ ਦੁਪਹਿਰ ਵੇਲੇ ਇੱਕ ਵਿਅਕਤੀ ਦੱਖਣੀ ਆਕਲੈਂਡ ਦੇ ਇੱਕ ਮੈਡੀਕਲ ਸੈਂਟਰ ਵਿੱਚ ਗੋਲੀ ਲੱਗੀ ਹਾਲਤ ‘ਚ ਪਹੁੰਚਿਆ ਸੀ। ਡਿਟੈਕਟਿਵ ਸੀਨੀਅਰ ਸਾਰਜੈਂਟ ਮੈਲਕਮ ਹੈਸਲ ਦੇ ਅਨੁਸਾਰ, ਵਿਅਕਤੀ ਗੰਭੀਰ ਹਾਲਤ ਵਿੱਚ ਕਲੇਨਡਨ ਪਾਰਕ ਮੈਡੀਕਲ ਸੈਂਟਰ ਪਹੁੰਚਿਆ ਸੀ। ਉਨ੍ਹਾਂ ਕਿਹਾ ਕਿ, “ਇਸ ਸਮੇਂ ਸਾਡਾ ਮੰਨਣਾ ਹੈ ਕਿ ਉਸਨੂੰ ਕਿਸੇ ਹੋਰ ਸਥਾਨ ‘ਤੇ ਗੋਲੀ ਲੱਗਣ ਨਾਲ ਸੱਟਾਂ ਲੱਗੀਆਂ ਹਨ।” ਇਸ ਮਗਰੋਂ ਵਿਅਕਤੀ ਨੂੰ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਬਾਅਦ ਵਿਚ ਉਸ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਇਸ ਮਾਮਲੇ ‘ਚ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੈਸਲ ਨੇ ਕਿਹਾ ਕਿ ਪੁਲਿਸ ਜਾਂਚ ਦੇ ਹਿੱਸੇ ਵਜੋਂ ਨੇੜਲੇ ਵਾਟਲ ਡਾਊਨ ਪਤੇ ‘ਤੇ ਪੁੱਛਗਿੱਛ ਕਰ ਰਹੀ ਹੈ।