ਸੋਮਵਾਰ ਦੁਪਹਿਰ ਵੇਲੇ ਪੋਰਟ ਵਾਈਕਾਟੋ ਵਿੱਚ ਚੌਦਾਂ ਘਰਾਂ ਨੂੰ ਖਾਲੀ ਕਰਵਾਇਆ ਗਿਆ ਸੀ ਅਤੇ ਇਸ ਦੌਰਾਨ 250 ਤੋਂ ਵੱਧ ਘਰਾਂ ਦੀ ਬਿਜਲੀ ਬੰਦ ਕਰ ਦਿੱਤੀ ਗਈ ਸੀ। ਦਰਅਸਲ ਇਲਾਕੇ ‘ਚ ਝਾੜੀਆਂ ‘ਚ ਲੱਗੀ ਅੱਗ ਕਾਰਨ ਲੋਕਾਂ ਨੂੰ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਕਿਹਾ ਕਿ ਦੁਪਹਿਰ 1.40 ਵਜੇ ਦੇ ਕਰੀਬ ਮੌਨਸੇਲ ਰੋਡ ‘ਤੇ ਚਾਲਕ ਦਲ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਸੀ। ਇਸ ਦੌਰਾਨ ਤਿੰਨ ਹੈਲੀਕਾਪਟਰਾਂ ਦੇ ਨਾਲ-ਨਾਲ ਪੋਰਟ ਵਾਈਕਾਟੋ, ਵਨਵੇਰੋ, ਤੁਆਕਾਊ, ਮਾਰਾਮਾਰੂਆ ਅਤੇ ਓਟਾਰਾ ਤੋਂ ਪਹੁੰਚੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਇਆ ਸੀ।
ਇੱਕ FENZ ਬੁਲਾਰੇ ਨੇ ਕਿਹਾ, “ਕੋਈ ਵੀ ਘਰ ਖਤਰੇ ਵਿੱਚ ਨਹੀਂ ਸੀ ਪਰ ਸਾਵਧਾਨੀ ਵੱਜੋਂ ਖਾਲੀ ਕਰਵਾਏ ਗਏ ਸੀ।” FENZ ਨੇ ਪੁਸ਼ਟੀ ਕੀਤੀ ਕਿ ਸ਼ਾਮ 4.30 ਵਜੇ ਤੱਕ 14 ਘਰਾਂ ਨੂੰ ਖਾਲੀ ਕਰਵਾਇਆ ਗਿਆ ਸੀ। ਕਾਉਂਟੀਜ਼ ਐਨਰਜੀ ਨੇ ਕਿਹਾ ਕਿ ਉਨ੍ਹਾਂ ਨੇ ਸਾਵਧਾਨੀ ਵੱਜੋਂ ਖੇਤਰ ਦੇ 260 ਗਾਹਕਾਂ ਦੀ ਬਿਜਲੀ ਬੰਦ ਕਰ ਦਿੱਤੀ ਸੀ।