ਹਾਲੀਵੁੱਡ ਅਦਾਕਾਰਾ ਡੇਨਿਸ ਰਿਚਰਡ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਰੋਡ ਰੇਜ ਦੀ ਘਟਨਾ ਦੌਰਾਨ ਅਦਾਕਾਰਾ ਦੀ ਜਾਨ ਖ਼ਤਰੇ ਵਿੱਚ ਪੈ ਗਈ ਸੀ। ਡੇਨਿਸ ‘ਤੇ ਲਾਸ ਏਂਜਲਸ ‘ਚ ਜਾਨਲੇਵਾ ਹਮਲਾ ਹੋਇਆ ਸੀ। ਉਸ ਸਮੇਂ ਡੇਨਿਸ ਆਪਣੇ ਪਤੀ ਨਾਲ ਲਾਸ ਏਂਜਲਸ ਸਥਿਤ ਪੌਪਸੀਕਲ ਸਟੂਡੀਓ ਜਾ ਰਹੀ ਸੀ। ਖਬਰਾਂ ਦੀ ਮੰਨੀਏ ਤਾਂ ਹਾਲੀਵੁੱਡ ਅਦਾਕਾਰਾ ਦੇ ਪਤੀ ਐਰੋਨ ਫਾਈਪਰਸ ਕਾਰ ਚਲਾ ਰਹੇ ਸਨ। ਦੋਵੇਂ ਗੱਡੀ ਪਾਰਕ ਕਰਨ ਲਈ ਜਗ੍ਹਾ ਲੱਭ ਰਹੇ ਸਨ, ਜਦੋਂ ਉਨ੍ਹਾਂ ਦੇ ਪਿੱਛੇ ਆ ਰਹੀ ਗੱਡੀ ਦਾ ਡਰਾਈਵਰ ਖਿੱਝ ਗਿਆ। ਉਸ ਨੇ ਉਨ੍ਹਾਂ ਨੂੰ ਪਾਸ ਦੇਣ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ‘ਤੇ ਗੋਲੀਬਾਰੀ ਕਰ ਦਿੱਤੀ।
TMZ ਦੀ ਰਿਪੋਰਟ ਦੇ ਅਨੁਸਾਰ, ਡੇਨਿਸ ਰਿਚਰਡਸ ਅਤੇ ਐਰੋਨ ਫਾਈਪਰਸ ਸੋਮਵਾਰ ਸਵੇਰੇ ਪੌਪਸੀਕਲ ਸਟੂਡੀਓ ਲਈ ਆਪਣੇ ਘਰ ਤੋਂ ਰਵਾਨਾ ਹੋਏ ਸੀ। ਉਹ ਆਪਣੀ ਕਾਰ ‘ਚ ਹੀ ਜਾ ਰਹੇ ਸੀ ਜਿਸ ਨੂੰ ਉਸ ਦਾ ਪਤੀ ਚਲਾ ਰਿਹਾ ਸੀ। ਫਿਰ ਐਰੋਨ ਕਾਰ ਖੜ੍ਹੀ ਕਰਨ ਲਈ ਜਗ੍ਹਾ ਲੱਭਣ ਲੱਗਾ ਤਾਂ ਪਿੱਛੇ ਤੋਂ ਆ ਰਹੀ ਇਕ ਕਾਰ ਦੇ ਡਰਾਈਵਰ ਨੇ ਜੋੜੇ ‘ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਡਰਾਈਵਰ ਇੰਨਾ ਗੁੱਸੇ ‘ਚ ਆ ਗਿਆ ਕਿ ਉਸ ਨੇ ਡੇਨਿਸ ਦੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਇਹ ਗੋਲੀ ਕਾਰ ਦੇ ਪਿਛਲੇ ਪਾਸੇ ਲੱਗੀ ਸੀ। ਜਿਸ ਤੋਂ ਬਾਅਦ ਡੇਨਿਸ ਇਸ ਘਟਨਾ ਤੋਂ ਕਾਫੀ ਘਬਰਾ ਗਈ ਅਤੇ ਸੈੱਟ ‘ਤੇ ਰੋਂਦੀ ਹੋਈ ਪਹੁੰਚੀ। ਇਸ ਤੋਂ ਬਾਅਦ ਉਨ੍ਹਾਂ ਨੇ 911 ‘ਤੇ ਕਾਲ ਕੀਤੀ ਅਤੇ ਘਟਨਾ ਦੀ ਪੂਰੀ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ। ਹੁਣ ਲਾਸ ਏਂਜਲਸ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਸਲੋਸਨ ਅਤੇ ਵੈਸਟਰਨ ਐਵੇਨਿਊ ਦੇ ਨੇੜੇ ਵਾਪਰੀ ਸੀ।