ਭਾਰਤੀ ਹਾਕੀ ਪੁਰਸ਼ ਅਤੇ ਮਹਿਲਾ ਟੀਮ ਦੇ ਦੋ ਖਿਡਾਰੀ ਆਕਾਸ਼ਦੀਪ ਸਿੰਘ ਅਤੇ ਮੋਨਿਕਾ ਮਲਿਕ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵਾਂ ਦੀ ਮੰਗਣੀ ਬੁੱਧਵਾਰ ਨੂੰ ਜਲੰਧਰ ਦੇ ਫਗਵਾੜਾ ਹਾਈਵੇ ‘ਤੇ ਸਥਿਤ ਇਕ ਨਿੱਜੀ ਰਿਜ਼ੋਰਟ ‘ਚ ਹੋਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਆਕਾਸ਼ਦੀਪ ਦੇ ਘਰ ਪਾਠ ਦਾ ਆਯੋਜਨ ਕੀਤਾ ਗਿਆ ਸੀ। ਦੋਵਾਂ ਦਾ ਵਿਆਹ 15 ਨਵੰਬਰ ਨੂੰ ਲਾਂਡਰਾ ਸਰਹਿੰਦ ਹਾਈਵੇ ‘ਤੇ ਸਥਿਤ ਇਕ ਪ੍ਰਾਈਵੇਟ ਰਿਜ਼ੋਰਟ ‘ਚ ਹੋਵੇਗਾ। ਮੋਨਿਕਾ ਮੂਲ ਰੂਪ ਤੋਂ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਗਾਮਦੀ ਦੀ ਰਹਿਣ ਵਾਲੀ ਹੈ। ਜਦੋਂਕਿ ਅਕਾਸ਼ਦੀਪ ਸਿੰਘ ਮੂਲ ਰੂਪ ਵਿੱਚ ਖਡੂਰ ਸਾਹਿਬ ਦੇ ਪਿੰਡ ਵੇਰੋਵਾਲ ਦਾ ਰਹਿਣ ਵਾਲਾ ਹੈ।
ਅਕਾਸ਼ਦੀਪ ਸਿੰਘ ਪੰਜਾਬ ਪੁਲਿਸ ਵਿੱਚ ਡੀਐਸਪੀ ਵਜੋਂ ਤਾਇਨਾਤ ਹਨ। ਉਨ੍ਹਾਂ ਦੀ ਨਿਯੁਕਤੀ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਸੀ। ਮੋਨਿਕਾ ਮਲਿਕ ਭਾਰਤੀ ਰੇਲਵੇ ਵਿੱਚ ਕੰਮ ਕਰ ਰਹੀ ਹੈ। ਦੋਵੇਂ ਓਲੰਪਿਕ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਅਕਾਸ਼ਦੀਪ ਸਿੰਘ ਦਾ ਜਨਮ ਪਿੰਡ ਵੇਰੋਵਾਲ ਵਿੱਚ ਹੋਇਆ। ਅਕਾਸ਼ਦੀਪ ਦੇ ਪਿਤਾ ਸੁਰਿੰਦਰਪਾਲ ਸਿੰਘ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਵਜੋਂ ਕੰਮ ਕਰਦੇ ਸਨ। ਜਦਕਿ ਅਕਾਸ਼ਦੀਪ ਦਾ ਛੋਟਾ ਭਰਾ ਪ੍ਰਭਦੀਪ ਸਿੰਘ ਵੀ ਹਾਕੀ ਖਿਡਾਰੀ ਹੈ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੀ ਪ੍ਰਤੀਨਿਧਤਾ ਵੀ ਕਰ ਚੁੱਕਾ ਹੈ।