ਨਿਊਜ਼ੀਲੈਂਡ ਦੇ ਬਹੁਚਰਚਿਤ ਮੈਥ ਬੀਅਰ ਮਾਮਲੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਇਸੇ ਮਾਮਲੇ ‘ਚ ਆਕਲੈਂਡ ਦੇ ਹਿੰਮਤਜੀਤ ਸਿੰਘ ਕਾਹਲੋਂ (ਫੋਂਟੈਰਾ ਮੈਨੇਜਰ) ‘ਤੇ ਲੱਗੇ ਮੇਨਸਲੋਟਰ ਤੇ ਨਸ਼ਾ ਤਸਕਰੀ ਦੇ ਦੋਸ਼ ਸਾਬਿਤ ਹੋ ਗਏ ਹਨ। ਇੱਕ ਰਿਪੋਰਟ ਮੁਤਾਬਿਕ ਹੁਣ ਇਨ੍ਹਾਂ ਦੋਸ਼ਾਂ ਤਹਿਤ ਕਾਹਲੋਂ ਨੂੰ ਫਰਵਰੀ ‘ਚ ਸਜ਼ਾ ਸੁਣਾਈ ਜਾਵੇਗੀ ਤੇ ਸਾਬਿਤ ਹੋਏ ਦੋਸ਼ਾਂ ਤਹਿਤ ਕਾਹਲੋਂ ਨੂੰ ਉਮਰ ਕੈਦ ਦੀ ਸੰਭਾਵਨਾ ਵੀ ਹੈ। ਹਾਲਾਂਕਿ ਹਿੰਮਤਜੀਤ ਨੇ ਟ੍ਰਾਇਲ ਸ਼ੁਰੂ ਹੋਣ ‘ਤੇ ਖੁਦ ਨੂੰ ਨਿਰਦੋਸ਼ ਦੱਸਿਆ ਸੀ ਜਦਕਿ ਉਸਦੇ ਹੀ ਇੱਕ ਹੋਰ ਪੰਜਾਬੀ ਸਾਥੀ ਨੇ ਆਪਣੇ ‘ਤੇ ਲੱਗੇ ਨਸ਼ਾ ਤਸਕਰੀ ਦੇ ਦੋਸ਼ ਕਬੂਲ ਲਏ ਸਨ। ਦੱਸ ਦੇਈਏ ਇਹ ਮਾਮਲਾ ਹਨੀ ਬੀਅਰ ਵਿੱਚ ਕੰਬੂਚਾ ਡਰਿੰਕ ਵਿੱਚ ਤੇ ਨਾਰੀਅਲ ਪਾਣੀ ਵਿੱਚ 700 ਕਿਲੋਗ੍ਰਾਮ ਮੈਥਮਫੈਟੇਮਾਈਨ (ਮੁੱਲ ਕਰੀਬ $80 ਮਿਲੀਅਨ) ਰਲਾਕੇ ਨਿਊਜੀਲੈਂਡ ਮੰਗਵਾਉਣ ਦਾ ਸੀ। ਕਾਹਲੋਂ ਨੇ ਆਪਣੇ ਬਿਆਨ ‘ਚ ਕਿਹਾ ਸੀ ਕਿ ਉਸਨੂੰ ਇਸ ਨਸ਼ਾ ਤਸਕਰੀ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ, ਉਸਨੇ ਤਾਂ ਆਪਣੇ ਦੋਸਤ ‘ਤੇ ਅੰਨਾ ਵਿਸ਼ਵਾਸ਼ ਕੀਤਾ ਸੀ, ਜਿਸਦਾ ਉਸਨੂੰ ਖਮਿਆਜਾ ਭੁਗਤਨਾ ਪਿਆ। ਜਦਕਿ ਅਦਾਲਤ ‘ਚ ਇਸਦੇ ਉਲਟ ਸਿੱਧ ਉਸ ‘ਤੇ ਲੱਗੇ ਦੋਸ਼ਾਂ ਨੂੰ ਤਰਕ ਸਹਿਤ ਸਾਬਿਤ ਕੀਤਾ ਗਿਆ ਹੈ। ਅਹਿਮ ਗੱਲ ਹੈ ਕਿ ਇਹ ਮਾਮਲਾ 21 ਸਾਲਾ ਏਡਨ ਸਾਗਲਾ ਦੀ ਮੌਤ ਤੋਂ ਬਾਅਦ ਚਰਚਾ ‘ਚ ਆਇਆ ਸੀ।