[gtranslate]

ਹਾਈਕੋਰਟ ਦਾ ਵੱਡਾ ਬਿਆਨ, ਕਿਹਾ – ‘ਪੱਗ ਦਾ ਅਪਮਾਨ ਕਰਨਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣਾ, ਦੋਸ਼ੀ ਰਹਿਮ ਦਾ ਹੱਕਦਾਰ ਨਹੀਂ’

high court statement insulting turban hurts

ਪੰਜਾਬ-ਹਰਿਆਣਾ ਹਾਈਕੋਰਟ ਨੇ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਉਸ ਦੀ ਪੱਗ ਲਾਹੁਣ ਅਤੇ ਫੇਸਬੁੱਕ ‘ਤੇ ਫੋਟੋ ਪਾਉਣ ਦੇ ਮਾਮਲੇ ‘ਚ ਦੋਸ਼ੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਈਕੋਰਟ ਨੇ ਕਿਹਾ ਕਿ ਦਸਤਾਰ ਇੱਕ ਧਾਰਮਿਕ ਚਿੰਨ੍ਹ ਹੈ ਅਤੇ ਅਜਿਹਾ ਕਰਨਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਅਜਿਹਾ ਕੰਮ ਕਰਨ ਵਾਲਾ ਵਿਅਕਤੀ ਰਹਿਮ ਦਾ ਹੱਕਦਾਰ ਨਹੀਂ ਹੈ। ਗੁਰਪ੍ਰੀਤ ਸਿੰਘ ਨਾਮ ਦੇ ਇੱਕ ਵਿਅਕਤੀ ਅਤੇ ਹੋਰਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ। ਸ਼ਿਕਾਇਤ ਅਨੁਸਾਰ ਦੋਸ਼ ਹੈ ਕਿ ਗੁਰਪ੍ਰੀਤ ਨੇ ਤਰਨਤਾਰਨ ਵਿੱਚ 10 ਸਤੰਬਰ 2019 ਨੂੰ ਇੱਕ 65 ਸਾਲਾ ਬਜ਼ੁਰਗ ਦੀ ਪੱਗ ਉਤਾਰ ਕੇ ਕੁੱਟਮਾਰ ਕੀਤੀ ਸੀ ਅਤੇ ਬਾਅਦ ਵਿੱਚ ਉਸੇ ਹਾਲਤ ਵਿੱਚ ਉਸ ਦੀ ਫੋਟੋ ਫੇਸਬੁੱਕ ’ਤੇ ਪਾ ਦਿੱਤੀ ਸੀ। ਇਸ ਮਾਮਲੇ ‘ਚ ਪੀੜਤ ਦੀ ਸ਼ਿਕਾਇਤ ‘ਤੇ ਵੀ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ। ਬਾਅਦ ‘ਚ ਜਦੋਂ ਪੀੜਤ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਤਾਂ ਪੁਲਿਸ ਨੇ ਫਰਵਰੀ 2021 ‘ਚ ਮਾਮਲਾ ਦਰਜ ਕਰ ਲਿਆ।

ਇਸ ਮਾਮਲੇ ਵਿੱਚ ਹੁਣ ਮੁਲਜ਼ਮਾਂ ਨੇ ਜ਼ਮਾਨਤ ਲਈ ਹਾਈ ਕੋਰਟ ਦੀ ਸ਼ਰਨ ਲਈ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਮਾਮਲਾ 10 ਸਤੰਬਰ 2019 ਦਾ ਹੈ ਅਤੇ ਐਫਆਈਆਰ ਫਰਵਰੀ 2021 ਵਿੱਚ ਦਰਜ ਕੀਤੀ ਗਈ ਸੀ। ਹਾਈ ਕੋਰਟ ਨੇ ਮੁਲਜ਼ਮਾਂ ਦੀਆਂ ਸਾਰੀਆਂ ਦਲੀਲਾਂ ਨੂੰ ਰੱਦ ਕਰਦਿਆਂ ਕਿਹਾ ਕਿ 65 ਸਾਲਾ ਵਿਅਕਤੀ ਦੀ ਪੱਗ ਉਤਾਰ ਕੇ ਉਸ ਦੀ ਕੁੱਟਮਾਰ ਕੀਤੀ ਗਈ ਹੈ। ਮੁਲਜ਼ਮਾਂ ਨੇ ਫੇਸਬੁੱਕ ’ਤੇ ਬਿਨਾਂ ਦਸਤਾਰ ਦੇ ਜ਼ਖ਼ਮੀ ਹਾਲਤ ਵਿੱਚ ਬਜ਼ੁਰਗ ਵਿਅਕਤੀ ਦੀ ਫੋਟੋ ਅਪਲੋਡ ਕਰਕੇ ਇਸ ਨੂੰ ਜਨਤਕ ਕਰ ਦਿੱਤਾ। ਅਜਿਹਾ ਕਰਨਾ ਸਿੱਧੇ ਤੌਰ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ। ਪੱਗ ਧਰਮ ਦਾ ਜ਼ਰੂਰੀ ਪ੍ਰਤੀਕ ਹੈ। ਇਸ ਤਰ੍ਹਾਂ ਧਰਮ ਦੇ ਪ੍ਰਤੀਕ ਦਾ ਅਪਮਾਨ ਸਿੱਧੇ ਤੌਰ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਇਸ ਲਈ ਅਜਿਹੇ ਕਾਰੇ ਦੇ ਦੋਸ਼ੀ ਕਿਸੇ ਰਾਹਤ ਦੇ ਹੱਕਦਾਰ ਨਹੀਂ ਹਨ। ਇਸ ਟਿੱਪਣੀ ਨਾਲ ਹਾਈ ਕੋਰਟ ਨੇ ਅਗਾਊਂ ਜ਼ਮਾਨਤ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।

Leave a Reply

Your email address will not be published. Required fields are marked *