ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਨਤਕ ਸੜਕ ‘ਤੇ ਸਟੰਟ ਕਰਨ ਨੂੰ ਲਾਪਰਵਾਹੀ ਅਤੇ ਅਸੰਵੇਦਨਸ਼ੀਲ ਰਵੱਈਆ ਕਰਾਰ ਦਿੱਤਾ ਹੈ। ਅਦਾਲਤ ਨੇ ਇਸ ਨੂੰ ਮਹਿਜ਼ ਲਾਪਰਵਾਹੀ ਅਤੇ ਬੇਰਹਿਮੀ ਨਾਲ ਡਰਾਈਵਿੰਗ ਦਾ ਮਾਮਲਾ ਨਹੀਂ ਮੰਨਿਆ, ਸਗੋਂ ਪਹਿਲੀ ਨਜ਼ਰੇ ਇਸ ਨੂੰ ਗੈਰ ਇਰਾਦਾ ਹੱਤਿਆ ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਹਾਈਕੋਰਟ ਦੀ ਇਹ ਟਿੱਪਣੀ ਉਸ ਮਾਮਲੇ ‘ਚ ਆਈ ਹੈ, ਜਿਸ ‘ਚ ਬਾਈਕ ਸਵਾਰ ਨੌਜਵਾਨ ਦੀ ਮੋਡੀਫਾਈਡ ਟਰੈਕਟਰ ਨਾਲ ਹੋਏ ਹਾਦਸੇ ‘ਚ ਮੌਤ ਹੋ ਗਈ ਸੀ। ਘਟਨਾ ਵਿੱਚ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮ ਟਰੈਕਟਰ ਚਾਲਕ ਨੇ ਵਾਧੂ ਟਰਬੋ ਪੰਪ ਲਗਾ ਕੇ ਆਪਣੇ ਟਰੈਕਟਰ ਦੀ ਸਪੀਡ ਵਧਾ ਦਿੱਤੀ ਸੀ। ਮ੍ਰਿਤਕ ਆਪਣੇ ਦੋਸਤ ਨਾਲ ਬਾਈਕ ‘ਤੇ ਸਟੰਟ ਕਰ ਰਿਹਾ ਸੀ। ਇਸ ਦੌਰਾਨ ਮੁਲਜ਼ਮ ਨੇ ਟਰੈਕਟਰ ਦੇ ਅਗਲੇ ਹਿੱਸੇ ਨੂੰ ਹਵਾ ਵਿੱਚ ਚੁੱਕ ਕੇ ਸਟੰਟ ਕੀਤਾ, ਜਿਸ ਕਾਰਨ ਟਰੈਕਟਰ ਦਾ ਅਗਲਾ ਹਿੱਸਾ ਬਾਈਕ ਸਵਾਰ ਦੇ ਉੱਪਰ ਡਿੱਗ ਗਿਆ।