ਭਾਜਪਾ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ। ਐਤਵਾਰ ਨੂੰ ਭਾਜਪਾ ਦੇ ਸਟਾਰ ਪ੍ਰਚਾਰਕ ਮਾਲਵੇ ਦੇ ਉਨ੍ਹਾਂ ਖੇਤਰਾਂ ਤੋਂ ਦੂਰ ਰਹੇ ਜਿੱਥੇ ਕਿਸਾਨ ਯੂਨੀਅਨਾਂ ਦਾ ਦਬਦਬਾ ਹੈ। ਪੰਜਾਬ ਚੋਣਾਂ ਵਿੱਚ ਭਾਜਪਾ ਸਮੇਤ ਹੋਰ ਸਹਿਯੋਗੀ ਪਾਰਟੀਆਂ ਦੇ ਉਮੀਦਵਾਰਾਂ ਲਈ ਹੇਮਾ ਮਾਲਿਨੀ ਪ੍ਰਚਾਰ ਨਹੀਂ ਕਰੇਗੀ। ਉਨ੍ਹਾਂ ਦੇ ਸਾਰੇ ਚੋਣ ਪ੍ਰਚਾਰ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਵੱਲੋਂ ਪੰਜਾਬ ‘ਚ ਦਿਓਲ ਪਰਿਵਾਰ ਖਿਲਾਫ ਪ੍ਰਦਰਸ਼ਨ ਕਰਨ ਦੇ ਫੈਸਲੇ ਕਾਰਨ ਉਨ੍ਹਾਂ ਦੇ ਪ੍ਰਚਾਰ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ 12 ਫਰਵਰੀ ਨੂੰ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਹੋਣ ਵਾਲੀਆਂ ਰੈਲੀਆਂ ਰੱਦ ਹੋਣ ਤੋਂ ਬਾਅਦ ਅਦਾਕਾਰਾ-ਰਾਜਨੇਤਾ ਹੇਮਾ ਮਾਲਿਨੀ ਦਾ ਪੂਰਾ ਦੌਰਾ ਬਿਨਾਂ ਕੋਈ ਕਾਰਨ ਦੱਸੇ ਰੱਦ ਕਰ ਦਿੱਤਾ ਗਿਆ। ਉਧਰ, ਭਾਜਪਾ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਧਰਨੇ ਦਾ ਇਨ੍ਹਾਂ ਤਬਦੀਲੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹਾਲਾਂਕਿ ਜਦੋਂ ਤੋਂ ਚੋਣ ਪ੍ਰਚਾਰ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਭਾਜਪਾ ਦੇ ਸਟਾਰ ਪ੍ਰਚਾਰਕ ਕਿਸਾਨ ਯੂਨੀਅਨਾਂ ਦੇ ਦਬਦਬੇ ਵਾਲੇ ਮਾਲਵਾ ਖੇਤਰ ਦੇ ਅੰਦਰਲੇ ਇਲਾਕਿਆਂ ਤੋਂ ਦੂਰ ਰਹੇ ਹਨ।