ਪੰਜਾਬ ਭਰ ‘ਚ ਮੌਸਮ ਬਦਲ ਗਿਆ ਹੈ ਜਿਥੇ ਲੋਕਾਂ ਨੂੰ ਭਖਦੀ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਲਗਾਤਾਰ ਪਏ ਮੀਂਹ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਦਰਅਸਲ ਲਗਾਤਾਰ ਪੈ ਰਹੇ ਮੀਂਹ ਨਾਲ ਹੜ੍ਹਾਂ ਦਾ ਖਤਰਾ ਬਣ ਗਿਆ ਹੈ। ਥਾਂ-ਥਾਂ ਪਾਣੀ ਭਰਨ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਇੰਨਾਂ ਹੀ ਨਹੀਂ ਉੱਤਰੀ ਭਾਰਤ ਵਿੱਚ ਅਗਲੇ ਚਾਰ-ਪੰਜ ਦਿਨ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਮੀਂਹ ਕਰਕੇ ਪੰਜਾਬ ਦੇ ਬਰਸਾਤੀ ਨਾਲੇ, ਚੋਅ ਤੇ ਦਰਿਆਵਾਂ ਵਿੱਚ ਵੀ ਪਾਣੀ ਚੜ੍ਹ ਗਿਆ ਹੈ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ ਜਿਸ ਕਾਰਨ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ। ਕਈ ਥਾਵਾਂ ’ਤੇ ਦਰੱਖਤ ਵੀ ਟੁੱਟੇ ਪਰ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਸਮ ਵਿਭਾਗ ਨੇ 9 ਤੇ 10 ਜੁਲਾਈ ਨੂੰ ਵੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਉਧਰ, ਪਹਾੜੀ ਇਲਾਕਿਆਂ ’ਚ ਲਗਾਤਾਰ ਹੋ ਰਹੀ ਤੇਜ਼ ਬਰਸਾਤ ਕਾਰਨ ਭਾਖੜਾ ਡੈਮ ਨਾਲ ਲਗਦੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਪੱਧਰ 1603.71 ਫੁੱਟ ’ਤੇ ਪੁੱਜ ਗਿਆ ਹੈ। ਭਾਖੜਾ ਡੈਮ ਤੋਂ ਇਸ ਵੇਲੇ 175.52 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ 43425 ਕਿਊਸਿਕ ਦਰਜ ਕੀਤੀ ਗਈ, ਜਦਕਿ 23508 ਕਿਊਸਿਕ ਪਾਣੀ ਡੈਮ ਤੋਂ ਛੱਡਿਆ ਜਾ ਰਿਹਾ ਹੈ।