ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਸਿੱਧੂ ਦੇ ਫੁੱਲ ਬੁੱਧਵਾਰ ਆਪਣੇ ਹੱਥਾਂ ਨਾਲ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰ ਦਿੱਤੇ ਹਨ। ਫੁੱਲਾਂ ਨੂੰ ਜਲ ਪ੍ਰਵਾਹ ਕਰਨ ਮੌਕੇ ਸਿੱਧੂ ਦੇ ਮਾਤਾ-ਪਿਤਾ ਨੂੰ ਨਾਲ ਲੋਕਾਂ ਨੇ ਮਸਾਂ ਸੰਭਾਲਿਆ। ਦੱਸ ਦੇਈਏ ਕਿ ਮੂਸੇਵਾਲੇ ਦੇ ਫੁੱਲ ਬੁੱਧਵਾਰ ਸਵੇਰੇ ਚੁਗੇ ਗਏ ਸਨ ਅਤੇ ਪਰਿਵਾਰ ਕੀਰਤਪੁਰ ਸਾਹਿਬ ਲਈ ਰਵਾਨਾ ਹੋਇਆ ਸੀ। ਸਿੱਧੂ ਮੂਸੇਵਾਲੇ ਦੇ ਨਾਂ ਨਾਲ ਜਾਣੇ ਜਾਂਦੇ ਸ਼ੁਭਦੀਪ ਸਿੰਘ ਸਿੱਧੂ ਦੇ ਮਾਪਿਆਂ ਨੇ ਭਰੇ ਮਨ ਨਾਲ ਅੱਜ ਉਸ ਦੇ ਚੁਗੇ ਫੁੱਲਾਂ ਨੂੰ ਆਪਣੀ ਹਿੱਕ ਨਾਲ ਲਗਾ ਕੇ ਗੁਰਦੁਆਰਾ ਪਾਤਾਲਪੁਰੀ ਸਾਹਿਬ ਮੱਥਾ ਟੇਕਿਆ।
ਜਿਸ ਗੱਡੀ ਵਿੱਚ ਸਿੱਧੂ ਮੂਸੇਵਾਲਾ ਦੇ ਫੁੱਲ ਲਿਆਂਦੇ ਗਏ ਸੀ, ਉਸ ਵਿੱਚ ਉਸ ਦੀ ਤਸਵੀਰ ਵੀ ਰੱਖੀ ਗਈ ਸੀ। ਸ਼ੁਭਦੀਪ ਦੀ ਅੰਤਿਮ ਅਰਦਾਸ ਤੇ ਭੋਗ 8 ਜੂਨ ਨੂੰ ਕੀਤੀ ਜਾਏਗੀ। ਸਿੱਧੂ ਦੇ ਜੱਦੀ ਪਿੰਡ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਮੰਗਲਵਾਰ ਨੂੰ ਕੀਤਾ ਗਿਆ ਸੀ ਤੇ ਬੁੱਧਵਾਰ ਨੂੰ ਉਨ੍ਹਾਂ ਦੀ ਮਾਂ ਬੇਟੇ ਦੀਆਂ ਅਸਥੀਆਂ ਤੇ ਸੁਆਹ ਇਕੱਠੀ ਕਰਨ ਪਹੁੰਚੀ ਸੀ। ਇਸ ਦੌਰਾਨ ਉਹ ਬਹੁਤ ਹੀ ਭਾਵੁਕ ਹੋ ਗਏ। ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਕਿਹਾ ਕਿ ‘ਮੇਰੇ ਬੇਟੇ ਦੇ ਦੁਸ਼ਮਣਾਂ ਨੇ 6 ਫੁੱਟ ਦੇ ਪੁੱਤ ਨੂੰ ਢੇਰੀ ਬਣਾ ਦਿੱਤਾ।’ ਇਸ ਤੋਂ ਬਾਅਦ ਮੂਸੇਵਾਲਾ ਦਾ ਪਰਿਵਾਰ ਉੁਨ੍ਹਾਂ ਦੀ ਰਾਖ ਲੈ ਕੇ ਕੀਰਤਪੁਰ ਸਾਹਿਬ ਲਈ ਰਵਾਨਾ ਹੋਏ।