ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ‘ਚ ਗ੍ਰਿਫਤਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਸੁਣਵਾਈ ਹੋਵੇਗੀ। ਸਾਬਕਾ ਮੰਤਰੀ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਹਨ। ਇਸ ਘੁਟਾਲੇ ਦੀ ਜਾਂਚ ਕਰਦੇ ਹੋਏ ਵਿਜੀਲੈਂਸ ਨੇ 22 ਅਗਸਤ ਨੂੰ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ। ਆਸ਼ੂ ਨੂੰ 3 ਵਾਰ 8 ਦਿਨ ਦਾ ਰਿਮਾਂਡ ਲੈਣ ਤੋਂ ਬਾਅਦ 31 ਅਗਸਤ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ।
ਹੁਣ ਆਸ਼ੂ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ। ਜਿਸ ‘ਤੇ 7 ਸਤੰਬਰ ਨੂੰ ਬਹਿਸ ਹੋਈ ਅਤੇ ਅਦਾਲਤ ਵੱਲੋਂ ਅਗਲੀ ਤਰੀਕ 9 ਸਤੰਬਰ ਤੈਅ ਕੀਤੀ ਗਈ ਸੀ। ਦੱਸ ਦੇਈਏ ਕਿ ਇਹ ਸਿਰਫ਼ ਇੱਕ ਮਾਮਲਾ ਹੈ। ਪਰ ਆਸ਼ੂ ਖਿਲਾਫ ਵਿਜੀਲੈਂਸ ਕੋਲ ਕਈ ਸ਼ਿਕਾਇਤਾਂ ਆ ਰਹੀਆਂ ਹਨ। ਇਸ ਵੇਲੇ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਵਿਜੀਲੈਂਸ ਦੇ ਹੱਥ ਖਾਲੀ ਨਜ਼ਰ ਆ ਰਹੇ ਹਨ ਕਿਉਂਕਿ ਵਿਜੀਲੈਂਸ ਠੇਕੇਦਾਰ ਤੇਲੂਰਾਮ ਅਤੇ ਭਾਰਤ ਭੂਸ਼ਣ ਆਸ਼ੂ ਸਮੇਤ 7 ਮੁਲਜ਼ਮਾਂ ਵਿੱਚੋਂ ਸਿਰਫ਼ ਦੋ ਵਿਅਕਤੀਆਂ ਨੂੰ ਹੀ ਕਾਬੂ ਕਰ ਸਕੀ ਹੈ। ਬਾਕੀ ਮੁਲਜ਼ਮ ਕਿੱਥੇ ਲੁਕੇ ਹੋਏ ਹਨ ਜਾਂ ਕਿਸੇ ਸਿਆਸਤਦਾਨ ਦੀ ਸ਼ਰਨ ਵਿੱਚ ਹਨ, ਇਹ ਜਾਂਚ ਦਾ ਵਿਸ਼ਾ ਹੈ। 7 ਦੋਸ਼ੀਆਂ ਵਿਚੋਂ ਜਗਰੂਪ ਸਿੰਘ, ਸੰਦੀਪ ਭਾਟੀਆ, ਰਾਕੇਸ਼ ਸਿੰਗਲਾ, ਮੀਨੂੰ ਮਲਹੋਤਰਾ ਅਤੇ ਇੰਦਰਜੀਤ ਇੰਡੀ 22 ਦਿਨਾਂ ਤੋਂ ਫਰਾਰ ਹਨ। ਉਹ ਕਿੱਥੇ ਲੁਕੇ ਹੋਏ ਹਨ, ਅਜੇ ਤੱਕ ਵਿਜੀਲੈਂਸ ਇਸ ਦਾ ਸੁਰਾਗ ਨਹੀਂ ਲਗਾ ਸਕੀ ਹੈ। ਇਸ ਦੇ ਨਾਲ ਹੀ ਕੇਸ ਨਾਲ ਸਬੰਧਤ 2 ਫਾਈਲਾਂ ਗਾਇਬ ਹਨ। ਈਸੇਵਾਲ ਤੋਂ ਪ੍ਰਾਪਤ ਰਜਿਸਟਰੀਆਂ ਦੀ ਵੀ ਤਸਦੀਕ ਨਹੀਂ ਕੀਤੀ ਗਈ ਹੈ।