ਗਰਮੀਆਂ ਦੇ ਮੌਸਮ ਦਾ ਅਰਥ ਹੈ ਧੁੱਪ, ਪਸੀਨਾ ਅਤੇ ਨਮੀ ਵਾਲਾ ਮੌਸਮ। ਗਰਮੀਆਂ ਵਿੱਚ ਨਾ ਤਾਂ ਕੁੱਝ ਖਾਣ ਦਾ ਮਨ ਕਰਦਾ ਹੈ ਅਤੇ ਨਾ ਹੀ ਬਾਹਰ ਜਾਣ ਦਾ ਮਨ ਕਰਦਾ ਹੈ। ਲੱਗਦਾ ਹੈ ਕਿ ਸਾਰਾ ਦਿਨ ਪਾਣੀ ਪੀਂਦੇ ਰਹੋ। ਕੁੱਝ ਠੰਡਾ ਖਾਂਦੇ ਰਹੋ ਤਾਂ ਕਿ ਸਰੀਰ ਵਿੱਚ ਨਮੀ ਬਣੀ ਰਹੇ। ਗਰਮੀਆਂ ਵਿੱਚ ਪੇਟ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਸਭ ਤੋਂ ਵੱਧ ਹੁੰਦੀਆਂ ਹਨ। ਥੋੜੀ ਜਿਹੀ ਲਾਪਰਵਾਹੀ ਨਾਲ ਬੁਖਾਰ, ਖੰਘ ਅਤੇ ਪੇਟ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਗਰਮੀਆਂ ਵਿੱਚ ਆਪਣੀ ਰੋਜ਼ਾਨਾ ਰੁਟੀਨ ਅਤੇ ਖਾਣ-ਪੀਣ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਗਰਮੀ ਤੋਂ ਬਚਾਅ ਦੇ ਤਰੀਕੇ ਅਪਨਾਉਣੇ ਚਾਹੀਦੇ ਹਨ। ਹਲਕਾ ਭੋਜਨ ਖਾਓ, ਭਰਪੂਰ ਪਾਣੀ ਪੀਓ, ਹਲਕੇ ਸੂਤੀ ਕੱਪੜੇ ਪਾਓ, ਧੁੱਪ ਵਿੱਚ ਨਾ ਨਿਕਲੋ, ਮੌਸਮੀ ਫਲ ਅਤੇ ਸਬਜ਼ੀਆਂ ਖਾਓ ਅਤੇ ਕਸਰਤ ਕਰਦੇ ਰਹੋ। ਇਸ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ ਅਤੇ ਤੁਸੀਂ ਬੀਮਾਰੀਆਂ ਤੋਂ ਦੂਰ ਰਹੋਗੇ। ਆਓ ਜਾਣਦੇ ਹਾਂ ਗਰਮੀਆਂ ਵਿੱਚ ਤੁਹਾਨੂੰ ਜੀਵਨ ਸ਼ੈਲੀ ਵਿੱਚ ਕੀ-ਕੀ ਬਦਲਾਅ ਕਰਨੇ ਚਾਹੀਦੇ ਹਨ, ਤਾਂ ਜੋ ਤੁਸੀਂ ਅਤੇ ਤੁਹਾਡਾ ਪਰਿਵਾਰ ਸੁਰੱਖਿਅਤ ਰਹੇ।
ਤਾਜ਼ਾ ਅਤੇ ਹਲਕਾ ਭੋਜਨ ਖਾਓ- ਗਰਮੀਆਂ ਵਿੱਚ ਤੁਹਾਨੂੰ ਖੁਰਾਕ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਅਜਿਹੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਜੋ ਹਲਕੇ ਅਤੇ ਆਸਾਨੀ ਨਾਲ ਪਚਣ ਵਾਲੀਆਂ ਹੋਣ। ਤੁਹਾਨੂੰ ਵੱਧ ਤੋਂ ਵੱਧ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਭੁੱਖ ਲੱਗਣ ਤੋਂ ਥੋੜਾ ਘੱਟ ਖਾਓ, ਜ਼ਿਆਦਾ ਤੇਲ ਵਾਲੇ ਮਸਾਲੇ ਖਾਣ ਤੋਂ ਪਰਹੇਜ਼ ਕਰੋ। ਭੋਜਨ ਵਿੱਚ ਸੰਤਰੇ, ਤਰਬੂਜ, ਅੰਗੂਰ ਆਦਿ ਵਰਗੇ ਫਲ ਖਾਓ। ਇਸ ਨਾਲ ਸਰੀਰ ‘ਚ ਪਾਣੀ ਦੀ ਕਮੀ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ।
ਸਰੀਰ ਨੂੰ ਰੱਖੋ ਹਾਈਡ੍ਰੇਟ- ਗਰਮੀਆਂ ‘ਚ ਸਿਹਤਮੰਦ ਰਹਿਣ ਲਈ ਸਰੀਰ ਨੂੰ ਹਾਈਡਰੇਟ ਰੱਖਣਾ ਸਭ ਤੋਂ ਜ਼ਰੂਰੀ ਹੈ। ਤੁਹਾਨੂੰ ਦਿਨ ਭਰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੂਸ, ਦਹੀਂ, ਦੁੱਧ, ਮੱਖਣ, ਲੱਸੀ, ਨਿੰਬੂ ਪਾਣੀ, ਗਲੂਕੋਨ ਡੀ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ। ਤੁਸੀਂ ਦਿਨ ਵਿੱਚ 1 ਨਾਰੀਅਲ ਪਾਣੀ ਜ਼ਰੂਰ ਪੀਓ, ਇਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ।
ਭਰਪੂਰ ਨੀਂਦ ਲਓ- ਗਰਮੀਆਂ ‘ਚ ਭਰਪੂਰ ਨੀਂਦ ਜ਼ਰੂਰੀ ਹੈ। ਕਈ ਵਾਰ ਜ਼ਿਆਦਾ ਗਰਮੀ ਕਾਰਨ ਸਾਨੂੰ ਚੰਗੀ ਨੀਂਦ ਨਹੀਂ ਆਉਂਦੀ, ਜਿਸ ਕਾਰਨ ਚਿੜਚਿੜਾਪਨ ਪੈਦਾ ਹੋ ਜਾਂਦਾ ਹੈ। ਇਸ ਲਈ ਲੋੜ ਮਹਿਸੂਸ ਹੋਣ ‘ਤੇ ਸਾਰੇ ਕੰਮ ਛੱਡ ਕੇ ਨੀਂਦ ਪੂਰੀ ਕਰੋ। ਚੰਗੀ ਨੀਂਦ ਸਰੀਰ ਨੂੰ ਸਿਹਤਮੰਦ ਅਤੇ ਬਿਮਾਰੀਆਂ ਨੂੰ ਦੂਰ ਰੱਖਦੀ ਹੈ।
ਕਸਰਤ ਕਰੋ- ਗਰਮੀਆਂ ‘ਚ ਥੋੜ੍ਹਾ ਜਿਹਾ ਵਰਕਆਊਟ ਕਰਦੇ ਹੀ ਪਸੀਨਾ ਆਉਣ ਲੱਗਦਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਕਸਰਤ ਕਰਨੀ ਛੱਡ ਦਿਓ। ਤੁਹਾਨੂੰ ਰੋਜ਼ਾਨਾ ਕੁੱਝ ਕਸਰਤ ਜਾਂ ਸੈਰ ਕਰਨੀ ਚਾਹੀਦੀ ਹੈ। ਤੁਸੀਂ ਸਵੇਰੇ-ਸ਼ਾਮ ਯੋਗਾ ਵੀ ਕਰ ਸਕਦੇ ਹੋ। ਕਸਰਤ ਕਰਨ ਨਾਲ ਸਰੀਰ ਊਰਜਾਵਾਨ ਰਹੇਗਾ।
Disclaimer : ਰੇਡੀਓ ਸਾਡੇ ਆਲਾ ਇਸ ਲੇਖ ਵਿੱਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।