ਦਲੀਆ ਜਿੰਨਾ ਖਾਣ ਵਿੱਚ ਸੁਆਦ ਹੁੰਦਾ ਹੈ, ਉਸ ਤੋਂ ਕਿਤੇ ਵੱਧ ਇਹ ਸਰੀਰ ਦੀ ਤੰਦਰੁਸਤੀ ਲਈ ਚੰਗਾ ਸਮਝਿਆ ਜਾਂਦਾ ਹੈ। ਦਲੀਆ ਖਾਣ ਨਾਲ ਸਰੀਰ ਅੰਦਰ ਕੈਲੇਸਟਰੋਲ ਦਾ ਲੈਵਲ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਅਕਸਰ ਬੀਮਾਰ ਲੋਕਾਂ ਨੂੰ ਦਲੀਆ ਖਾਣ ਦੀ ਸਲਾਹ ਦਿਤੀ ਜਾਂਦੀ ਹੈ। ਪਰ ਇਸ ਦੀ ਵਰਤੋਂ ਸਿਹਤਮੰਦ ਲੋਕਾਂ ਨੂੰ ਵੀ ਤੰਦਰੁਸਤ ਰੱਖਣ ਵਿੱਚ ਮਦਦ ਕਰ ਸਕਦੀ ਹੈ। ਦਲੀਏ ਦਾ ਮੁੱਖ ਸਰੋਤ ਕਣਕ ਹੈ ਅਰਥਾਤ ਦਲੀਆ ਕਣਕ ਤੋਂ ਹੀ ਤਿਆਰ ਹੁੰਦਾ ਹੈ, ਪਰ ਇਸ ਦੇ ਫ਼ਾਇਦੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਉਗੇ।
ਸਰੀਰਕ ਤੰਦਰੁਸਤੀ, ਦਰੁਸਤੀ ਤੇ ਫੁਰਤੀ ਲਈ ਦਲੀਏ ਦਾ ਉਪਯੋਗ ਬੇਹੱਦ ਫ਼ਾਇਦੇਮੰਦ ਹੋ ਸਕਦਾ ਹੈ। ਇਸ ਦਾ ਕਾਰਨ ਇਸ ਵਿਚ ਪ੍ਰੋਟੀਨ, ਵਿਟਾਮਿਨ-ਬੀ1, ਬੀ2, ਫ਼ਾਈਬਰ ਸਮੇਤ ਕਈ ਹੋਰ ਤੱਤਾਂ ਦਾ ਭਰਪੂਰ ਮਾਤਰਾ ਵਿੱਚ ਮਿਲਦਾ ਹੈ। ਸਵੇਰ ਸਮੇਂ ਦਲੀਏ ਦਾ ਸੇਵਨ ਕਰਨ ਨਾਲ ਸਾਰਾ ਦਿਨ ਸਰੀਰ ਅੰਦਰ ਊਰਜਾ ਦੀ ਕਮੀ ਮਹਿਸੂਸ ਨਹੀਂ ਹੁੰਦੀ। ਇਸੇ ਤਰ੍ਹਾਂ ਦਲੀਏ ਨੂੰ ਨਾਸ਼ਤੇ ਵਿੱਚ ਸ਼ਾਮਿਲ ਕਰਨ ਨਾਲ ਸਰੀਰ ਨੂੰ ਲੋੜੀਂਦੇ ਪੌਸ਼ਟਿਕ ਤੱਤਾਂ ਦੀ ਘਾਟ ਪੂਰੀ ਹੋ ਜਾਂਦੀ ਹੈ। ਇਸ ਨਾਲ ਜਿਥੇ ਭਾਰ ਘਟਦਾ ਹੈ, ਉਥੇ ਹੀ ਦਲੀਏ ਵਿਚਲੇ ਪੋਸ਼ਕ ਤੱਤ ਸਰੀਰ ਵਿਚੋਂ ਵਾਧੂ ਚਰਬੀ ਘਟਾਉਣ ਵਿਚ ਮਦਦ ਕਰਦੇ ਹਨ। ਇਸ ਵਿਚ ਮੌਜੂਦ ਫ਼ਾਈਬਰ ਦੀ ਭਰਪੂਰ ਮਾਤਰਾ ਸਰੀਰ ਲਈ ਬਹੁਤ ਜ਼ਰੂਰੀ ਹੁੰਦੀ ਹੈ।
ਦਲੀਆ ਕਿਸੇ ਵੀ ਮਸਾਲੇਦਾਰ ਖਾਣੇ ਦੀ ਤੁਲਨਾ ਵਿੱਚ ਦੁਗਣੀ ਊਰਜਾ ਪ੍ਰਦਾਨ ਕਰਦਾ ਹੈ। ਇਹ ਸਰੀਰ ਅੰਦਰ ਕੈਲੋਸਟਰੋਲ ਨੂੰ ਜੰਮਣ ਤੋਂ ਰੋਕਦਾ ਹੈ। ਸਰੀਰ ਅੰਦਰ ਹੋਮੋਗਲੋਬਿਨ ਦੀ ਕਮੀ ਨੂੰ ਦੂਰ ਕਰਨ ਲਈ ਦਲੀਏ ਦਾ ਸੇਵਨ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਦਲੀਆ ਖਾਣ ਨਾਲ ਸਾਰਾ ਦਿਨ ਪੇਟ ਭਰਿਆ ਰਹਿੰਦਾ ਹੈ। ਇਸ ਨਾਲ ਲੰਮੇ ਸਮੇਂ ਤੱਕ ਭੁੱਖ ਨਾ ਲੱਗਣ ਕਾਰਨ ਮੋਟਾਪਾ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਦਲੀਆ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਦਲੀਏ ਦੇ ਸੇਵਨ ਨਾਲ ਡਾਇਬਟੀਜ਼ ਘੱਟਦੀ ਹੈ। ਦਲੀਆ ਵਿਟਾਮਿਨਜ਼ ਦਾ ਚੰਗਾ ਸਰੋਤ ਹੈ, ਇਸ ਕਾਰਨ ਇਹ ਸਰੀਰ ਨੂੰ ਉਰਜਾ ਪ੍ਰਦਾਨ ਕਰਦਾ ਹੈ।