ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਨੇ ਸ਼ਨੀਵਾਰ (13 ਜਨਵਰੀ) ਨੂੰ ਕਿਹਾ ਕਿ ਉਹ ਆਪਣੀ ਵਧਦੀ ਉਮਰ ਦੇ ਮੱਦੇਨਜ਼ਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ। ਜਨਤਾ ਦਲ (ਸੈਕੂਲਰ) ਦੇ ਸਰਪ੍ਰਸਤ ਦੇਵਗੌੜਾ (90 ਸਾਲ) ਨੇ ਕਿਹਾ ਕਿ ਉਹ ਚੋਣਾਂ ਵਿਚ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ, ”ਮੈਂ ਚੋਣ ਨਹੀਂ ਲੜ ਰਿਹਾ। ਮੈਂ ਹੁਣ 90 ਸਾਲਾਂ ਦਾ ਹਾਂ। ਸਾਨੂੰ ਜੋ ਵੀ ਸੀਟ ਮਿਲੇਗੀ, ਜਿੱਥੇ ਵੀ ਲੋੜ ਹੋਵੇਗੀ, ਮੈਂ ਉੱਥੇ ਜਾਵਾਂਗਾ। ਮੇਰੀ ਯਾਦਦਾਸ਼ਤ ਠੀਕ ਹੈ ਅਤੇ ਮੈਂ ਚੋਣਾਂ ਵਿਚ ਪ੍ਰਚਾਰ ਕਰਾਂਗਾ।”
ਜੇਡੀਐਸ ਦੀ ਕਰਨਾਟਕ ਇਕਾਈ ਦੇ ਪ੍ਰਧਾਨ ਐਚਡੀ ਕੁਮਾਰਸਵਾਮੀ ਦੇ ਲੋਕ ਸਭਾ ਚੋਣ ਲੜਨ ਬਾਰੇ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਵੀ ਕਹਿਣਗੇ, ਉਸ ਦਾ ਪਾਲਣ ਕੀਤਾ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੇ ਪੁੱਤਰ ਕੁਮਾਰਸਵਾਮੀ ਨੇ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਤੰਬਰ 2023 ਵਿੱਚ ਜੇਡੀਐਸ ਪਾਰਟੀ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨਡੀਏ) ਵਿੱਚ ਸ਼ਾਮਿਲ ਹੋ ਗਈ ਸੀ।
ਦੋਵਾਂ ਪਾਰਟੀਆਂ ਨੇ ਕਿਹਾ ਹੈ ਕਿ ਉਹ ਕਰਨਾਟਕ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਇਕੱਠੇ ਲੜਨਗੀਆਂ। ਪਿਛਲੇ ਸਾਲ ਮਈ ਵਿੱਚ 224 ਮੈਂਬਰੀ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਜੇਡੀਐਸ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਸੀ ਅਤੇ ਪਾਰਟੀ ਸਿਰਫ਼ 19 ਸੀਟਾਂ ਹੀ ਜਿੱਤ ਸਕੀ ਸੀ। ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 135 ਅਤੇ ਭਾਜਪਾ ਨੇ 66 ਸੀਟਾਂ ਜਿੱਤੀਆਂ ਸਨ।