ਇੱਕ ਪਾਸੇ ਜਿੱਥੇ ਪਾਕਿਸਤਾਨ ਦੇ ਖਿਡਾਰੀ ਟੀ-20 ਵਿਸ਼ਵ ਕੱਪ ਵਿੱਚ ਬੇਹੱਦ ਖ਼ਰਾਬ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇਸ ਟੀਮ ਦੇ ਸਾਬਕਾ ਕ੍ਰਿਕਟਰ ਵੀ ਮੈਦਾਨ ਤੋਂ ਬਾਹਰ ਕੁਝ ਅਜਿਹਾ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਹਾਲ ਹੀ ‘ਚ ਭਾਰਤ-ਪਾਕਿਸਤਾਨ ਮੈਚ ਦੌਰਾਨ ਸਾਬਕਾ ਕ੍ਰਿਕਟਰ ਕਾਮਰਾਨ ਅਕਮਲ ਨੇ ਸਿੱਖ ਭਾਈਚਾਰੇ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਹਰਭਜਨ ਸਿੰਘ ਨੇ ਉਨ੍ਹਾਂ ਨੂੰ ਝਿੜਕਿਆ ਸੀ। ਹਾਲਾਂਕਿ ਕਾਮਰਾਨ ਅਕਮਲ ਨੇ ਅਗਲੇ ਦਿਨ ਸਿੱਖ ਕੌਮ ਤੋਂ ਮੁਆਫੀ ਮੰਗ ਲਈ ਸੀ ਪਰ ਹਰਭਜਨ ਸਿੰਘ ਦਾ ਗੁੱਸਾ ਅਜੇ ਵੀ ਸ਼ਾਂਤ ਨਹੀਂ ਹੋਇਆ ਹੈ। ਹਰਭਜਨ ਸਿੰਘ ਨੇ ਹੁਣ ਕਾਮਰਾਨ ਅਕਮਲ ਨੂੰ ਨਲਾਇਕ ਕਿਹਾ ਹੈ।
ਹਰਭਜਨ ਸਿੰਘ ਨੇ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਮਰਾਨ ਅਕਮਲ ਦਾ ਬਿਆਨ ਬਹੁਤ ਹੀ ਬਕਵਾਸ ਹੈ ਅਤੇ ਅਜਿਹਾ ਕੋਈ ਨਲਾਇਕ ਵਿਅਕਤੀ ਹੀ ਕਰ ਸਕਦਾ ਹੈ। ਕਾਮਰਾਨ ਅਕਮਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸੇ ਦੇ ਧਰਮ ਦਾ ਮਜ਼ਾਕ ਉਡਾਉਣ ਦੀ ਲੋੜ ਨਹੀਂ ਹੈ। ਹਰਭਜਨ ਸਿੰਘ ਨੇ ਕਾਮਰਾਨ ਅਕਮਲ ਨੂੰ ਸਿੱਖ ਇਤਿਹਾਸ ਪੜ੍ਹਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਕਾਮਰਾਨ ਅਕਮਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖਾਂ ਨੇ ਉਨ੍ਹਾਂ ਦੇ ਭਾਈਚਾਰੇ, ਉਨ੍ਹਾਂ ਦੀਆਂ ਮਾਵਾਂ-ਭੈਣਾਂ ਨੂੰ ਕਿਵੇਂ ਬਚਾਇਆ ਸੀ। ਹਰਭਜਨ ਸਿੰਘ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਕਾਮਰਾਨ ਅਕਮਲ ਨੇ ਤੁਰੰਤ ਮੁਆਫੀ ਮੰਗ ਲਈ ਪਰ ਉਸ ਨੂੰ ਸਿੱਖਾਂ ਜਾਂ ਕਿਸੇ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਹਰਭਜਨ ਨੇ ਕਿਹਾ ਕਿ ਅਸੀਂ ਹਿੰਦੂ, ਇਸਲਾਮ, ਸਿੱਖ, ਈਸਾਈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਕਾਮਰਾਨ ਅਕਮਲ ਲੰਬੇ ਸਮੇਂ ਤੱਕ ਪਾਕਿਸਤਾਨੀ ਟੀਮ ਲਈ ਕ੍ਰਿਕਟ ਖੇਡ ਚੁੱਕੇ ਹਨ। ਉਹ 2009 ਵਿੱਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਪਾਕਿਸਤਾਨੀ ਟੀਮ ਦੇ ਵੀ ਮੈਂਬਰ ਸੀ।