ਹਰਿਆਣਾ ਵਿਧਾਨ ਸਭਾ ਚੋਣਾਂ 2024 ਦੇ ਨਤੀਜੇ ਲਗਭਗ ਐਲਾਨੇ ਜਾ ਚੁੱਕੇ ਹਨ। ਹੁਣ ਤੱਕ ਭਾਜਪਾ ਨੂੰ 48 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਹੀ ਕਾਂਗਰਸ 37 ਸੀਟਾਂ ਤੱਕ ਸੀਮਤ ਨਜ਼ਰ ਆ ਰਹੀ ਹੈ। ਇਸ ਚੋਣ ਵਿੱਚ ਇੱਕ ਰੁਝਾਨ ਟੁੱਟ ਗਿਆ ਹੈ ਅਤੇ ਇੱਕ ਪਰੰਪਰਾ ਬਰਕਰਾਰ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਲੋਕਾਂ ਨੇ ਲਗਾਤਾਰ ਤਿੰਨ ਵਾਰ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਨਹੀਂ ਦਿੱਤਾ ਸੀ। ਪਰ, ਇਸ ਵਾਰ ਇਹ ਰੁਝਾਨ ਟੁੱਟ ਗਿਆ ਹੈ ਅਤੇ ਭਾਜਪਾ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਪਰ, ਹਰਿਆਣਾ ਦੇ ਲੋਕਾਂ ਨੇ ਇੱਕ ਪਰੰਪਰਾ ਬਣਾਈ ਰੱਖੀ ਹੈ। ਉਹ ਹੈ ‘ਡਬਲ ਇੰਜਣ ਵਾਲੀ ਸਰਕਾਰ’, ਪਿਛਲੇ 25 ਸਾਲਾਂ ਤੋਂ ਹਰਿਆਣਾ ਦੀ ਜਨਤਾ ਉਸੇ ਪਾਰਟੀ ਨੂੰ ਸੱਤਾ ਸੌਂਪ ਰਹੀ ਹੈ, ਜਿਸ ਦੀ ਕੇਂਦਰ ‘ਚ ਸਰਕਾਰ ਹੈ। ਇਹ ਰੁਝਾਨ ਇਸ ਵਾਰ ਵੀ ਜਾਰੀ ਰਿਹਾ।
ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ‘ਚ ਇੰਡੀਆ ਗਠਜੋੜ ਨੇ 49 ਸੀਟਾਂ ਜਿੱਤੀਆਂ ਹਨ। ਗਠਜੋੜ ਵਿੱਚ ਸ਼ਾਮਿਲ ਨੈਸ਼ਨਲ ਕਾਨਫਰੰਸ ਨੂੰ ਸਭ ਤੋਂ ਵੱਧ 42, ਕਾਂਗਰਸ ਨੂੰ 6 ਅਤੇ ਸੀਪੀਆਈ (ਐਮ) ਨੂੰ ਇੱਕ ਸੀਟ ਮਿਲੀ ਹੈ। ਸਰਕਾਰ ਬਣਾਉਣ ਲਈ 46 ਸੀਟਾਂ ਦੀ ਲੋੜ ਹੈ। ਭਾਜਪਾ ਨੇ 29 ਸੀਟਾਂ ਜਿੱਤੀਆਂ ਹਨ। ਪਿਛਲੀਆਂ ਚੋਣਾਂ ਦੇ ਮੁਕਾਬਲੇ ਪਾਰਟੀ ਨੂੰ 4 ਸੀਟਾਂ ਦਾ ਫਾਇਦਾ ਹੋਇਆ ਹੈ। ਹਾਲਾਂਕਿ, ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਨੌਸ਼ਹਿਰਾ ਸੀਟ ਤੋਂ ਐਨਸੀ ਉਮੀਦਵਾਰ ਤੋਂ ਕਰੀਬ 8 ਹਜ਼ਾਰ ਵੋਟਾਂ ਨਾਲ ਹਾਰ ਗਏ। ਉਨ੍ਹਾਂ ਆਪਣਾ ਅਸਤੀਫਾ ਪਾਰਟੀ ਹਾਈਕਮਾਂਡ ਨੂੰ ਭੇਜ ਦਿੱਤਾ ਹੈ।
ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਪਾਰਟੀ ਪੀਡੀਪੀ ਨੇ 3 ਸੀਟਾਂ ਜਿੱਤੀਆਂ ਹਨ। ਪਿਛਲੀਆਂ ਚੋਣਾਂ ਵਿੱਚ ਪਾਰਟੀ ਨੂੰ 28 ਸੀਟਾਂ ਮਿਲੀਆਂ ਸਨ। ਪਹਿਲੀ ਵਾਰ ਚੋਣ ਲੜ ਰਹੀ ਮਹਿਬੂਬਾ ਦੀ ਬੇਟੀ ਇਲਤਿਜਾ ਮੁਫਤੀ ਸ਼੍ਰੀਗੁਫਵਾੜਾ ਬਿਜਬੇਹਰਾ ਸੀਟ ਤੋਂ 9 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਗਈ। ਆਮ ਆਦਮੀ ਪਾਰਟੀ ਨੇ ਜੰਮੂ-ਕਸ਼ਮੀਰ ਵਿੱਚ ਪਹਿਲੀ ਵਾਰ ਜਿੱਤ ਦਰਜ ਕੀਤੀ ਹੈ। ਡੋਡਾ ਸੀਟ ਤੋਂ ਮਹਿਰਾਜ ਮਲਿਕ ਨੇ ਭਾਜਪਾ ਦੇ ਗਜੈ ਸਿੰਘ ਰਾਣਾ ਨੂੰ 4500 ਤੋਂ ਵੱਧ ਵੋਟਾਂ ਨਾਲ ਹਰਾਇਆ। ਜਦੋਂ ਕਿ ਪੀਪਲਜ਼ ਕਾਨਫਰੰਸ ਨੇ ਇੱਕ ਸੀਟ ਜਿੱਤੀ ਹੈ। 7 ‘ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੇ ਭਰਾ ਐਜਾਜ਼ ਗੁਰੂ ਨੂੰ ਸੋਪੋਰ ਸੀਟ ਤੋਂ 129 ਵੋਟਾਂ ਮਿਲੀਆਂ।