ਅਮਰੀਕੀ ਫਿਲਮ ਨਿਰਮਾਤਾ ਹਾਰਵੇ ਵੇਨਸਟੀਨ ਦੀ ਜ਼ਿੰਦਗੀ ਹੁਣ ਸਲਾਖਾਂ ਪਿੱਛੇ ਲੰਘਣ ਵਾਲੀ ਹੈ। ਫਿਲਮ ਨਿਰਮਾਤਾ ‘ਤੇ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਵਰਗੇ ਗੰਭੀਰ ਦੋਸ਼ ਲਗਾਏ ਗਏ ਸਨ। ਹਾਲ ਹੀ ‘ਚ ਅਦਾਲਤ ‘ਚ ਸੁਣਵਾਈ ਤੋਂ ਬਾਅਦ ਹਾਰਵੇ ਵਾਇਨਸਟੀਨ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਅਦਾਲਤ ਨੇ ਉਨ੍ਹਾਂ ਨੂੰ ਇਨ੍ਹਾਂ ਦੋਸ਼ਾਂ ਲਈ ਦੋਸ਼ੀ ਪਾਇਆ ਹੈ। ਅਜਿਹੇ ‘ਚ ਹਾਰਵੇ ਵੇਨਸਟੀਨ ਨੂੰ ਜ਼ਬਰ ਜਨਾਹ ਅਤੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਏ ਜਾਣ ‘ਤੇ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਲਾਸ ਏਂਜਲਸ ‘ਚ ਜਾਂਚ ਤੋਂ ਦੋ ਮਹੀਨੇ ਬਾਅਦ ਵੀਰਵਾਰ ਨੂੰ ਹਾਰਵੇ ਵੇਨਸਟੀਨ ਨੂੰ ਸਜ਼ਾ ਸੁਣਾਈ ਗਈ।
ਅਸਲ ‘ਚ ਕਰੀਬ 10 ਸਾਲ ਪਹਿਲਾਂ ਹਾਰਵੇ ਵੇਨਸਟੀਨ ‘ਤੇ ਇੱਕ ਔਰਤ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਇਸ ਔਰਤ ਦਾ ਸਮਰਥਨ ਕਰਦੇ ਹੋਏ ਵਕੀਲਾਂ ਨੇ ਕਿਹਾ ਸੀ ਕਿ ਹਾਰਵੇ ਵੇਨਸਟੀਨ ਨੌਜਵਾਨ ਅਦਾਕਾਰਾਂ ਨਾਲ ਇੱਕ ਵਾਰ ਨਹੀਂ ਸਗੋਂ ਕਈ ਵਾਰ ਅਜਿਹਾ ਕੰਮ ਕਰ ਚੁੱਕੇ ਹਨ। ਦਸੰਬਰ 2020 ਵਿੱਚ ਹੋਈ ਸੁਣਵਾਈ ਦੌਰਾਨ ਹਾਰਵੇ ਵੇਨਸਟੀਨ ਨੂੰ ਸਾਰੀ ਜਾਂਚ ਅਤੇ ਸਬੂਤਾਂ ਦੇ ਮੱਦੇਨਜ਼ਰ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਨਿਊਯਾਰਕ ਵਿਚ 23 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਯੂਰਪੀਅਨ ਮਾਡਲ ਨੇ ਵੇਨਸਟੀਨ ‘ਤੇ ਇਹ ਸਾਰੇ ਦੋਸ਼ ਲਾਏ ਸਨ। ਮਾਡਲ ਨੇ ਆਪਣੇ ਬਿਆਨ ਦੌਰਾਨ ਕਿਹਾ ਕਿ ਵੇਨਸਟੀਨ ਨੇ ਲਾ ਇਟਾਲੀਆ ਫਿਲਮ ਫੈਸਟੀਵਲ ਤੋਂ ਬਾਅਦ 2013 ਵਿੱਚ ਮਿਸਟਰ ਸੀ ਹੋਟਲ ਵਿੱਚ ਉਸ ਨਾਲ ਬਲਾਤਕਾਰ ਕੀਤਾ ਸੀ। ਹਾਰਵੇ ਵੇਨਸਟੀਨ 71 ਸਾਲ ਦੇ ਹੋਣ ਵਾਲੇ ਹਨ। ਅਜਿਹੇ ‘ਚ ਉਨ੍ਹਾਂ ਦੀ ਬਾਕੀ ਦੀ ਜ਼ਿੰਦਗੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਲੰਘਣ ਵਾਲੀ ਹੈ। ਹਾਰਵੇ ਵੇਨਸਟੀਨ ਇੱਕ ਮਸ਼ਹੂਰ ਹਾਲੀਵੁੱਡ ਫਿਲਮ ਨਿਰਮਾਤਾ ਹੈ।