ਆਮ ਆਦਮੀ ਪਾਰਟੀ (ਆਪ) ਸਰਕਾਰ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ‘ਆਪ’ ਦੇ 10 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ‘ਆਪ’ ਵਿਧਾਇਕਾਂ ਨਾਲ ਸਿੱਧੀ ਗੱਲ ਨਹੀਂ ਕਰ ਰਹੇ ਵਿਚੋਲੇ ਬਣਾ ਕੇ ਹੋਰ ਲੋਕਾਂ ਰਾਹੀਂ ਸੰਪਰਕ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਦਾ ‘ਆਪ੍ਰੇਸ਼ਨ ਲੋਟਸ’ ਏਜੰਡਾ ਦਿੱਲੀ ‘ਚ ਫੇਲ ਹੋਇਆ ਹੈ, ਉਸੇ ਤਰ੍ਹਾਂ ਪੰਜਾਬ ‘ਚ ਵੀ ‘ਆਪ੍ਰੇਸ਼ਨ ਲੋਟਸ’ ਫੇਲ ਸਾਬਿਤ ਹੋਵੇਗਾ।
ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਹਰਪਾਲ ਸਿੰਘ ਚੀਮਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਕਰੀਬ ਇੱਕ ਹਫ਼ਤੇ ਤੋਂ ਕੁਝ ਵਿਅਕਤੀਆਂ ਰਾਹੀਂ ‘ਆਪ’ ਵਿਧਾਇਕਾਂ ਦੇ ਸੰਪਰਕ ਵਿੱਚ ਹਨ। ਹਰ ਵਾਰ ਵਿਧਾਇਕਾਂ ਨੂੰ ਕਿਸੇ ਨਾ ਕਿਸੇ ਵੱਡੇ ਭਾਜਪਾ ਆਗੂ ‘ਬਾਬੂਜੀ’ ਨਾਲ ਗੱਲ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ। ਚੀਮਾ ਨੇ ਦੱਸਿਆ ਕਿ ਕਰੀਬ 4-5 ਆਡੀਓ ਰਿਕਾਰਡਿੰਗਾਂ ਵਿੱਚ ਸਿਰਫ਼ ਇੱਕ ਗੱਲ ਕਹੀ ਗਈ ਹੈ ਕਿ ‘ਬਾਬੂ ਜੀ’ ਨਾਲ ਗੱਲ ਕਰਵਾਵਾਂਗੇ।
ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਵਿਧਾਇਕਾਂ ਨੂੰ ਸੀਬੀਆਈ ਅਤੇ ਈਡੀ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਜਾਂ ਤਾਂ ਭਾਜਪਾ ਵਿੱਚ ਸ਼ਾਮਿਲ ਹੋ ਜਾਣ ਜਾਂ ਕਾਰਵਾਈ ਲਈ ਤਿਆਰ ਰਹਿਣ। ਚੀਮਾ ਨੇ ਭਾਜਪਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਿਧਾਇਕ ਨੂੰ ਨਹੀਂ ਖਰੀਦ ਸਕੇਗੀ। ਭਾਜਪਾ ‘ਤੇ ਲਾਏ ਦੋਸ਼ਾਂ ਦੇ ਸਬੰਧ ‘ਚ ਜਦੋਂ ਹਰਪਾਲ ਚੀਮਾ ਨੂੰ ਉਕਤ ਆਗੂਆਂ ਦੇ ਨਾਂ ਜਨਤਕ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਇਸ ਨੂੰ ਜਾਂਚ ਦਾ ਵਿਸ਼ਾ ਕਹਿਣਾ ਸ਼ੁਰੂ ਕਰ ਦਿੱਤਾ। ਚੀਮਾ ਨੇ ਸਮਾਂ ਆਉਣ ‘ਤੇ ਇਲੈਕਟ੍ਰਾਨਿਕ ਰਿਕਾਰਡ ਸਮੇਤ ਹੋਰ ਸਬੂਤ ਜਨਤਕ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ‘ਆਪ’ ਦੇ ਪੰਜਾਬ ਦੇ ਵਿਧਾਇਕਾਂ ਨਾਲ ਲਗਾਤਾਰ ਸਿੱਧੇ ਅਤੇ ਅਸਿੱਧੇ ਤੌਰ ’ਤੇ ਸੰਪਰਕ ਕੀਤਾ ਜਾ ਰਿਹਾ ਹੈ।