ਸਾਲ 2021 ਵਿੱਚ 21 ਸਾਲਾਂ ਬਾਅਦ 21 ਸਾਲਾਂ ਦੀ ਹਰਨਾਜ਼ ਕੌਰ ਸੰਧੂ ਨੇ 13 ਦਸੰਬਰ ਨੂੰ ਇਜ਼ਰਾਇਲ ਵਿਖੇ ਹੋਏ ਦੁਨੀਆ ਦੇ ਸਭ ਤੋਂ ਵੱਡੇ ਬਿਊਟੀ ਕੰਟੈਸਟ ਮਿਸ ਯੂਨੀਵਰਸ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਹੈ। ਹਰਨਾਜ਼ ਨੇ ਪੂਰੀ ਦੁਨੀਆ ਵਿੱਚ ਨਾ ਸਿਰਫ਼ ਦੇਸ਼ ਦਾ ਮਾਣ ਵਧਾਇਆ, ਬਲਕਿ ਉਹ ਪੰਜਾਬ ਦਾ ਵੀ ਨਾਜ਼ ਬਣ ਗਈ। ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਦੁਨੀਆਂ ਲਈ ਉਹ ਨਾਮ ਬਣ ਗਈ ਹੈ, ਜੋ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਕੋਹਾਲੀ ਵਿੱਚ ਜਨਮੀ ਹਰਨਾਜ਼ ਕੌਰ ਦਾ 21 ਸਾਲ ਦੀ ਉਮਰ ਵਿੱਚ ਮਿਸ ਯੂਨੀਵਰਸ ਦੇ ਤਾਜ ਤੱਕ ਦਾ ਸਫ਼ਰ ਬਹੁਤ ਖਾਸ ਅਤੇ ਪ੍ਰੇਰਿਤ ਰਿਹਾ ਹੈ।
ਗੁਰਦਾਸਪੁਰ ਜ਼ਿਲ੍ਹੇ ਦੇ ਕੋਹਾਲੀ ਪਿੰਡ ਜਿਸ ਵਿੱਚ ਹਰਨਾਜ਼ ਕੌਰ ਦਾ ਜਨਮ ਹੋਇਆ ਸੀ, ਉਸ ਦੀ ਆਬਾਦੀ ਸਿਰਫ਼ 1393 ਹੈ। ਇੰਨੇ ਛੋਟੇ ਜਿਹੇ ਪਿੰਡ ਵਿੱਚੋਂ ਨਿਕਲ ਕੇ ਪੂਰੀ ਦੁਨੀਆਂ ‘ਚ ਨਾਮ ਚਮਕਾਉਣਾ ਆਪਣੇ ਆਪ ਵਿੱਚ ਇੱਕ ਖਾਸ ਅਹਿਸਾਸ ਹੈ, ਜਿਸ ਨੂੰ ਸਿਰਫ਼ ਹਰਨਾਜ਼ ਹੀ ਮਹਿਸੂਸ ਕਰ ਸਕਦੀ ਹੈ। ਹਰਨਾਜ਼ ਦਾ ਪਰਿਵਾਰ ਖੇਤੀ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਇਨ੍ਹੀਂ ਦਿਨੀਂ ਉਨ੍ਹਾਂ ਦਾ ਪਰਿਵਾਰ ਚੰਡੀਗੜ੍ਹ ਨੇੜੇ ਮੋਹਾਲੀ ‘ਚ ਰਹਿੰਦਾ ਹੈ। ਉਨ੍ਹਾਂ ਦੀ ਮਾਂ ਸਰਕਾਰੀ ਹਸਪਤਾਲ ਸੈਕਟਰ-16 ਚੰਡੀਗੜ੍ਹ ਵਿੱਚ ਗਾਇਨੀਕੋਲੋਜਿਸਟ ਹੈ।
ਹਰਨਾਜ਼ ਕੌਰ ਸੰਧੂ ਮਿਸ ਇੰਡੀਆ 2019 ਦੇ ਫਾਈਨਲ ਵਿੱਚ ਪਹੁੰਚੀ ਸੀ ਅਤੇ ਹੁਣ ਮਿਸ ਯੂਨੀਵਰਸ ਦਾ 70ਵਾਂ ਖਿਤਾਬ ਜਿੱਤਿਆ ਹੈ। ਉਹ ਮਿਸ ਯੂਨੀਵਰਸ-2021 ਬਣ ਚੁੱਕੀ ਹੈ। 21 ਸਾਲਾ ਹਰਲੀਨ ਕੌਰ ਨੇ 21 ਸਾਲ ਬਾਅਦ ਭਾਰਤ ਨੂੰ ਇਹ ਤਾਜ (ਖਿਤਾਬ ) ਦਿਵਾਇਆ ਹੈ। ਇਸ ਤੋਂ ਪਹਿਲਾਂ ਇਹ ਖਿਤਾਬ 1994 ਵਿੱਚ ਸੁਸ਼ਮਿਤਾ ਸੇਨ ਅਤੇ 2000 ਵਿੱਚ ਲਾਰਾ ਦੱਤਾ ਨੇ ਜਿੱਤਿਆ ਸੀ।