ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਆਈਸੀਸੀ ਨੇ ਅਗਲੇ ਦੋ ਅੰਤਰਰਾਸ਼ਟਰੀ ਮੈਚਾਂ ਲਈ ਮੁਅੱਤਲ ਕਰ ਦਿੱਤਾ ਹੈ। ਆਈਸੀਸੀ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਭਾਰਤੀ ਮਹਿਲਾ ਟੀਮ ਹਾਲ ਹੀ ‘ਚ ਬੰਗਲਾਦੇਸ਼ ਦੇ ਦੌਰੇ ‘ਤੇ ਸੀ, ਜਿੱਥੇ ਆਖਰੀ ਅਤੇ ਤੀਜੇ ਵਨਡੇ ‘ਚ ਹਰਮਨਪ੍ਰੀਤ ਨੇ ਅੰਪਾਇਰ ਦੇ ਫੈਸਲੇ ‘ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਸਟੰਪ ‘ਤੇ ਬੈਟ ਮਾਰਿਆ ਸੀ। ਇਸ ਤੋਂ ਬਾਅਦ ਟਰਾਫੀ ਦੇ ਨਾਲ ਫੋਟੋ ਖਿਚਵਾਉਂਦੇ ਹੋਏ ਹਰਮਨਪ੍ਰੀਤ ਨੇ ਬੰਗਲਾਦੇਸ਼ੀ ਕਪਤਾਨ ਨੂੰ ਤਾਅਨਾ ਮਾਰਦੇ ਹੋਏ ਕਿਹਾ ਕਿ ਅੰਪਾਇਰਾਂ ਨੂੰ ਵੀ ਬੁਲਾਇਆ ਜਾਵੇ। ਆਈਸੀਸੀ ਨੇ ਕਿਹਾ ਹੈ ਕਿ ਹਰਮਨਪ੍ਰੀਤ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ।
ਆਈਸੀਸੀ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਹਰਮਨਪ੍ਰੀਤ ‘ਤੇ ਲੈਵਲ-2 ਨਿਯਮ ਦੀ ਉਲੰਘਣਾ ਕਰਨ ‘ਤੇ 50 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਤਿੰਨ ਡੀਮੈਰਿਟ ਪੁਆਇੰਟ ਵੀ ਆਏ ਹਨ। ਹਰਮਨਪ੍ਰੀਤ ਨੂੰ ਆਈਸੀਸੀ ਕੋਡ ਆਫ ਕੰਡਕਟ ਦੀ ਧਾਰਾ 2.8 ਦਾ ਦੋਸ਼ੀ ਪਾਇਆ ਗਿਆ ਹੈ ਜਿਸ ਵਿੱਚ ਅੰਪਾਇਰ ਦੇ ਫੈਸਲੇ ਨਾਲ ਅਸਹਿਮਤੀ ਦਿਖਾਉਣਾ ਸ਼ਾਮਿਲ ਹੈ। ਆਈਸੀਸੀ ਦੇ ਬਿਆਨ ਮੁਤਾਬਿਕ ਹਰਮਨਪ੍ਰੀਤ ਨੇ ਆਪਣੀ ਗਲਤੀ ਮੰਨ ਲਈ ਸੀ ਅਤੇ ਉਨ੍ਹਾਂ ਨੂੰ ਦਿੱਤੀ ਗਈ ਸਜ਼ਾ ਨੂੰ ਸਵੀਕਾਰ ਕਰ ਲਿਆ। ਇਸ ਲਈ ਇਸ ਮਾਮਲੇ ਵਿੱਚ ਕਿਸੇ ਸਰਕਾਰੀ ਸੁਣਵਾਈ ਦੀ ਲੋੜ ਨਹੀਂ ਸੀ ਅਤੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਸਜ਼ਾ ਦਿੱਤੀ ਗਈ ਸੀ।