[gtranslate]

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਸ਼ਤੀ ਰਾਹੀਂ ਦਰਿਆ ਪਾਰ ਕਰ ਸਕੂਲ ਜਾਂਦੇ ਬੱਚਿਆਂ ਲਈ ਕੀਤਾ ਵੱਡਾ ਐਲਾਨ !

harjot bains announced to build a bridge

ਪੰਜਾਬ ਦੇ ਸਰਹੱਦੀ ਇਲਾਕੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਾਲੂ ਵਾਲਾ ਦੇ ਵਿਦਿਆਰਥੀਆਂ ਨੂੰ ਸਕੂਲ ਜਾਂਦੇ ਸਮੇਂ ਲੱਕੜ ਦੀ ਕਿਸ਼ਤੀ ਰਾਹੀਂ ਸਤਲੁਜ ਦਰਿਆ ਪਾਰ ਕਰਦੇ ਦੇਖ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੈਰਾਨ ਰਹਿ ਗਏ। ਜ਼ਿਕਰਯੋਗ ਹੈ ਕਿ ਆਪਣੀ ਜਾਨ ਖਤਰੇ ਵਿੱਚ ਪਾ ਕੇ ਇਹ ਵਿਦਿਆਰਥੀ ਹਰ ਰੋਜ਼ ਇਸੇ ਤਰ੍ਹਾਂ ਸਕੂਲ ਜਾਂਦੇ ਹਨ। ਸਿੱਖਿਆ ਮੰਤਰੀ ਨੇ ਇਸ ਦੌਰਾਨ ਤੁਰੰਤ ਪਿੰਡ ਵਾਸੀਆਂ ਸਾਹਮਣੇ ਐਲਾਨ ਕੀਤਾ ਕਿ ਜਲਦੀ ਹੀ ਦਰਿਆ ’ਤੇ ਪੁਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਫਿਰੋਜ਼ਪੁਰ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੁਲ ਦਾ ਐਸਟੀਮੇਟ ਲੈਣਗੇ ਤਾਂ ਜੋ ਛੇ ਮਹੀਨਿਆਂ ਵਿੱਚ ਪੁਲ ਦੀ ਉਸਾਰੀ ਸ਼ੁਰੂ ਹੋ ਸਕੇ। ਦੱਸ ਦੇਈਏ ਕਿ ਪੁਲ ਦੀ ਮੰਗ ਪਿੰਡ ਵਾਸੀਆਂ ਦੀ ਦਹਾਕਿਆਂ ਪੁਰਾਣੀ ਹੈ ਪਰ ਕਿਸੇ ਵੀ ਮੰਤਰੀ ਨੇ ਇਨ੍ਹਾਂ ਪਿੰਡਾਂ ਵਿੱਚ ਆਉਣ ਦੀ ਖੇਚਲ ਵੀ ਨਹੀਂ ਕੀਤੀ ਸੀ। ਪਰ ਹੁਣ ਸਿੱਖਿਆ ਮੰਤਰੀ ਬੈਂਸ ਦੇ ਇਸ ਐਲਾਨ ਤੋਂ ਪਿੰਡ ਵਾਸੀ ਖੁਸ਼ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ ਜਾਣਨ ਲਈ ਸਿੱਖਿਆ ਮੰਤਰੀ ਗਰਾਊਂਡ ‘ਤੇ ਆਏ ਹਨ। ਉਨ੍ਹਾਂ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਤੋਂ ਦੌਰੇ ਦੀ ਸ਼ੁਰੂਆਤ ਕੀਤੀ ਹੈ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੁਸੈਨੀਵਾਲਾ ਸਰਹੱਦ ਨਾਲ ਲੱਗਦੇ ਪਿੰਡ ਟਿੰਡੀ ਵਾਲਾ ਪੁੱਜੇ ਸਨ। ਇੱਥੋਂ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵਿੱਚ ਦਾਖਲ ਹੁੰਦੇ ਸਤਲੁਜ ਦਰਿਆ ਨੂੰ ਪਾਰ ਕਰਦੇ ਹੋਏ ਖੇਤਾਂ ਵਿਚਕਾਰ ਚਿੱਕੜ ਵਿੱਚੋਂ ਦੀ ਲੰਘਦੇ ਹੋਏ ਸਰਹੱਦੀ ਪਿੰਡ ਕਾਲੂਵਾਲਾ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ (ਇਹ ਪਿੰਡ ਤਿੰਨ ਪਾਸਿਆਂ ਤੋਂ ਦਰਿਆ ਨਾਲ ਘਿਰਿਆ ਹੋਇਆ ਹੈ ਅਤੇ ਚੌਥੇ ਪਾਸੇ ਪਾਕਿਸਤਾਨ ਤੋਂ ) ਪਹੁੰਚੇ।

ਸਿੱਖਿਆ ਮੰਤਰੀ ਨੇ ਇਹ ਵੀ ਦੇਖਿਆ ਕਿ ਵਿਦਿਆਰਥੀ ਕਿਸ਼ਤੀ ਰਾਹੀਂ ਦਰਿਆ ਪਾਰ ਕਰਕੇ ਸਕੂਲ ਜਾ ਰਹੇ ਹਨ। ਵਿਦਿਆਰਥੀ ਹਰ ਰੋਜ਼ ਆਪਣੀ ਜਾਨ ਖਤਰੇ ਵਿੱਚ ਪਾ ਕੇ ਸਕੂਲ ਜਾਂਦੇ ਹਨ। ਬੱਚਿਆਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਸਿੱਖਿਆ ਮੰਤਰੀ ਨੇ ਸਭ ਦੇ ਸਾਹਮਣੇ ਐਲਾਨ ਕੀਤਾ ਕਿ ਇੱਥੇ ਜਲਦੀ ਹੀ ਪੁਲ ਬਣਾਇਆ ਜਾਵੇਗਾ। ਮੰਤਰੀ ਨੇ ਕਿਹਾ ਕਿ ਜਾਪਾਨ ਵਿੱਚ ਸਰਕਾਰ ਨੇ ਇੱਕ ਬੱਚੇ ਦੇ ਸਕੂਲ ਜਾਣ ਲਈ ਰੇਲ ਸੇਵਾ ਸ਼ੁਰੂ ਕੀਤੀ ਸੀ, ਇੱਥੇ 39 ਬੱਚੇ ਸਕੂਲ ਜਾਂਦੇ ਹਨ।

ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਭਗਵੰਤ ਮਾਨ ਦੀ ਸਰਕਾਰ ਨੇ ਮਾਰਚ ਮਹੀਨੇ ਸਰਕਾਰੀ ਸਕੂਲਾਂ ਨੂੰ ਕਿਤਾਬਾਂ ਭੇਜੀਆਂ ਹਨ। ਜਦਕਿ ਅਕਤੂਬਰ ਦੇ ਪਹਿਲੇ ਮਹੀਨੇ ਤੱਕ ਕਿਤਾਬਾਂ ਸਕੂਲਾਂ ਵਿੱਚ ਨਹੀਂ ਪੁੱਜੀਆਂ ਸਨ। ਮੰਤਰੀ ਨੇ ਕਿਹਾ ਕਿ ਉਹ ਖੁਦ ਹੁਸੈਨੀਵਾਲਾ ਸਰਹੱਦ ਨਾਲ ਲੱਗਦੇ 9 ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਦੇਖ-ਰੇਖ ਕਰਨਗੇ। ਇੱਕ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋਕੇ ਨੂੰ ਗਰਾਊਂਡ ਲਈ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ। ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਆਰ ਹੁਣ ਉੱਚਾ ਹੋ ਰਿਹਾ ਹੈ, ਸਕੂਲਾਂ ਵਿੱਚ ਪੜ੍ਹੇ-ਲਿਖੇ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *