ਕੈਨੇਡਾ ਦਾ ਬੌਸ ਕੌਣ ਬਣੇਗਾ ਇਸ ਦਾ ਫੈਸਲਾ ਕੁੱਝ ਹੀ ਸਮੇ ਵਿੱਚ ਹੋ ਜਾਵੇਗਾ। ਕੈਨੇਡਾ ਵਿੱਚ ਬੀਤੇ ਦਿਨ ਮੱਧਵਰਤੀ ਫੈਡਰਲ ਚੋਣਾਂ ਹੋਈਆਂ ਸਨ, ਜਿਸ ਓ ਬਾਅਦ ਗਿਣਤੀ ਲਗਾਤਾਰ ਜਾਰੀ ਹੈ। ਪਿਛਲੇ ਦੋ ਸਾਲਾਂ ਵਿੱਚ ਦੂਜੀ ਵਾਰ ਕੈਨੇਡਾ ਦੇ ਨਾਗਰਿਕਾਂ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਕੀ ਟਰੂਡੋ ਫਿਰ ਪ੍ਰਧਾਨ ਮੰਤਰੀ ਬਣ ਸਕਣਗੇ ਜਾ ਨਹੀਂ। ਉੱਥੇ ਹੀ ਹਰਜੀਤ ਸਿੰਘ ਸੱਜਣ ਨੇ ਲਗਾਤਾਰ ਤੀਜੀ ਵਾਰ ਜਿੱਤ ਦਰਜ ਕੀਤੀ ਹੈ। ਹਰਜੀਤ ਸਿੰਘ ਸੱਜਣ ਟਰੂਡੋ ਸਰਕਾਰ ਦੌਰਾਨ ਰੱਖਿਆ ਮੰਤਰੀ ਦੇ ਤੌਰ ਤੇ ਸੇਵਾ ਨਿਭਾ ਰਹੇ ਸੀ। ਹਰਜੀਤ ਸੱਜਣ ਇਸ ਅਹੁਦੇ ’ਤੇ ਪਹੁੰਚਣ ਵਾਲੇ ਪਹਿਲੇ ਭਾਰਤੀ-ਪੰਜਾਬੀ ਵੀ ਹਨ।
ਹੁਣ ਤੱਕ ਹੋਈ ਗਿਣਤੀ ਤੋਂ ਬਾਅਦ ਸਾਹਮਣੇ ਆਏ ਅੰਕੜਿਆਂ ਦੇ ਅਨੁਸਾਰ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਅਤੇ ਐਰਨ ਟੂਲ ਦੀ ਕੰਜ਼ਰਵੇਟਿਵ ਪਾਰਟੀ ਵਿੱਚ ਸਖ਼ਤ ਟੱਕਰ ਦੇਖਣ ਨੂੰ ਮਿਲ ਰਹੀ ਹੈ। ਇੰਨ੍ਹਾਂ ਅੰਕੜਿਆਂ ਤੋਂ ਮਾਹਿਰ ਅੰਦਾਜ਼ਾ ਲਗਾ ਰਹੇ ਹਨ ਕਿ ਜਸਟਿਨ ਟਰੂਡੋ ਸੱਤਾ ਵਿੱਚ ਰਹਿ ਸਕਦੇ ਹਨ ਪਰ ਉਨ੍ਹਾਂ ਦੀ ਪਾਰਟੀ ਅਜੇ ਬਹੁਮਤ ਤੋਂ ਦੂਰ ਹੈ।