ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ਖੇਡੇਗੀ। ਆਸਟ੍ਰੇਲੀਆ ਸੀਰੀਜ਼ ਲਈ ਭਾਰਤੀ ਟੀਮ ਦੇ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਬੁੱਧਵਾਰ ਨੂੰ ਕੀਤਾ ਜਾਵੇਗਾ। ਪਰ ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਯਾ ਭਾਰਤ-ਆਸਟ੍ਰੇਲੀਆ ਟੀ-20 ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਭਾਰਤ-ਆਸਟ੍ਰੇਲੀਆ ਸੀਰੀਜ਼ ਦਾ ਪਹਿਲਾ ਮੈਚ 23 ਨਵੰਬਰ ਨੂੰ ਖੇਡਿਆ ਜਾਵੇਗਾ।
ਮੀਡੀਆ ਰਿਪੋਰਟਾਂ ਮੁਤਾਬਿਕ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਹਾਰਦਿਕ ਪੰਡਯਾ ਨੂੰ 6-8 ਹਫ਼ਤੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਹਾਰਦਿਕ ਪੰਡਯਾ ਭਾਰਤ-ਬੰਗਲਾਦੇਸ਼ ਮੈਚ ਦੌਰਾਨ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਆਲਰਾਊਂਡਰ ਨੂੰ ਮੈਦਾਨ ਛੱਡਣਾ ਪਿਆ ਸੀ। ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੂੰ ਹਾਰਦਿਕ ਪੰਡਯਾ ਦੀ ਥਾਂ ਵਿਸ਼ਵ ਕੱਪ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। ਆਸਟ੍ਰੇਲੀਆ ਸੀਰੀਜ਼ ਤੋਂ ਬਾਅਦ ਭਾਰਤੀ ਟੀਮ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਖੇਡੇਗੀ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਸੀਰੀਜ਼ ਦਸੰਬਰ ‘ਚ ਖੇਡੀ ਜਾਣੀ ਹੈ। ਮੰਨਿਆ ਜਾ ਰਿਹਾ ਹੈ ਕਿ ਹਾਰਦਿਕ ਪੰਡਯਾ ਭਾਰਤ-ਦੱਖਣੀ ਅਫਰੀਕਾ ਸੀਰੀਜ਼ ‘ਚ ਵਾਪਸੀ ਕਰ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਹਾਰਦਿਕ ਪੰਡਯਾ ਭਾਰਤ-ਬੰਗਲਾਦੇਸ਼ ਮੈਚ ਦੌਰਾਨ ਗੇਂਦਬਾਜ਼ੀ ਕਰਦੇ ਹੋਏ ਜ਼ਖਮੀ ਹੋ ਗਏ ਸਨ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਇਹ ਮੈਚ 19 ਅਕਤੂਬਰ ਨੂੰ ਪੁਣੇ ‘ਚ ਖੇਡਿਆ ਗਿਆ ਸੀ।