ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਾਲੇ ਗੱਠਜੋੜ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਹਨ। ਅਜਿਹੀਆਂ ਖਬਰਾਂ ਨੂੰ ਜਲੰਧਰ ਉਪ ਚੋਣ ਤੋਂ ਬਾਅਦ ਹੋਰ ਬਲ ਮਿਲਿਆ ਹੈ। ਪਰ ਹੁਣ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਗੱਠਜੋੜ ਨੂੰ ਲੈ ਕੇ ਭਾਜਪਾ ਦਾ ਸਟੈਂਡ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੋਲ ਕੁੱਝ ਨਹੀਂ ਹੈ, ਜੇਕਰ ਉਨ੍ਹਾਂ ਦੇ ਚੰਗੇ ਆਗੂ ਭਾਜਪਾ ‘ਚ ਸ਼ਾਮਿਲ ਹੋਣਾ ਚਾਹੁੰਦੇ ਹਨ ਤਾਂ ਉਹ ਕਮਲ ਨਾਲ ਜੁੜ ਸਕਦੇ ਹਨ। ਅਕਾਲੀ ਦਲ ਨੇ ਪਿਛਲੇ 20-25 ਸਾਲਾਂ ਵਿੱਚ ਗੱਠਜੋੜ ਦੇ ਨਾਂ ‘ਤੇ ਕੁਝ ਨਹੀਂ ਕੀਤਾ।
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਲਗਾਏ ਗਏ ਨੌਕਰੀ ਮੇਲੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਅਕਾਲੀ ਦਲ ਨਾਲ ਗਠਜੋੜ ਸੀ। ਅਸੀਂ ਸਮਝਦੇ ਸੀ ਕਿ ਉਹ ਪੰਜਾਬ ਦੇ ਹਿੱਤ ਵਿੱਚ ਕੰਮ ਕਰ ਰਹੇ ਸੀ, ਪਰ ਜਦੋਂ ਅਸੀਂ ਸਮਝਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਆਪ ਹੀ ਗੱਠਜੋੜ ਤੋੜ ਦਿੱਤਾ। ਹੁਣ ਜੇਕਰ ਗੱਠਜੋੜ ਦੀ ਗੱਲ ਕਰੀਏ ਤਾਂ ਸਾਡਾ ਜਵਾਬ ਹੈ ਕਿ ਉਨ੍ਹਾਂ ਕੋਲ ਕੁਝ ਨਹੀਂ ਹੈ… ਉਨ੍ਹਾਂ ਦੇ ਪਿਛਲੇ ਨਤੀਜੇ ਵੇਖੋ।