ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਦਰਸ਼ਨੀ ਡਿਉਢੀ ਦੇ ਕੋਲ ਕਿਸਾਨਾਂ ਦੇ ਸਮਰਥਨ ’ਚ ਲਡ਼ੀਵਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਕਿਸਾਨਾਂ ਦੀ ਹੌਸਲਾ-ਅਫਜ਼ਾਈ ਕਰਨ ਲਈ ਪੰਜਾਬੀ ਗਾਇਕ ਹਰਭਜਨ ਮਾਨ ਵੀ ਇਸ ਥਾਂ ’ਤੇ ਪਹੁੰਚੇ। ਇਸ ਦੌਰਾਨ ਕਿਸਾਨਾਂ ਦਾ ਹੌਂਸਲਾ ਵਧਾਉਂਦਿਆ ਉਨ੍ਹਾਂ ਆਪਣਾ ਗੀਤ ‘ਕੱਢਾਗੇ ਤੇਰਾ ਸ਼ੱਕ ਦਿੱਲੀਏ, ਅਸੀਂ ਮੁੜਦੇ ਨਹੀਂ ਲਏ ਬਿਨਾਂ ਹੱਕ ਦਿੱਲੀਏ’ ਵੀ ਗਾਇਆ। ਅੱਜ ਸੁਖਗੜ੍ਹ ਤੋਂ ਹਰਪ੍ਰੀਤ ਸਿੰਘ ਟਿੰਕਾ, ਦੀਦਾਰ ਸਿੰਘ, ਨਛੱਤਰ ਸਿੰਘ, ਜਸਵੀਰ ਸਿੰਘ, ਬਲਵੀਰ ਸਿੰਘ, ਅਮਨਪ੍ਰੀਤ ਸਿੰਘ, ਬੰਤ ਸਿੰਘ, ਹਰਿੰਦਰ ਸਿੰਘ ਨੰਬਰਦਾਰ ਭੁੱਖ ਹੜਤਾਲ ’ਤੇ ਬੈਠੇ ਹੋਏ ਸਨ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹਰਭਜਨ ਮਾਨ ਨੇ ਕਿਹਾ ਕਿ ਉਹ ਹਰ ਰੋਜ਼ ਮੋਹਾਲੀ, ਚੰਡੀਗੜ੍ਹ, ਪੰਚਕੂਲਾ ਦੀਆਂ ਵੱਖ-ਵੱਖ ਥਾਵਾਂ ਤੇ ਚੌਕਾਂ ’ਚ ਖੜ੍ਹੇ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਵੇਖਦੇ ਹਨ, ਜੋ ਕਿ ਆਪਣੇ ਹੱਥਾਂ ’ਚ ਕਿਸਾਨੀ ਝੰਡੇ ਲੈ ਕੇ ਕਿਸਾਨਾਂ ਦੇ ਹੱਕ ’ਚ ਤੇ ਕੇਂਦਰ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਦਿਲੀ ਇੱਛਾ ਸੀ ਕਿ ਉਹ ਇਸ ਧਰਨੇ ’ਚ ਜ਼ਰੂਰ ਆਉਣ, ਇਸ ਲਈ ਅੱਜ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ ਤੇ ਕਿਸਾਨਾਂ ਵਿਚਕਾਰ ਆ ਗਏ। ਉਨ੍ਹਾਂ ਕਿਹਾ ਕਿ ਹੁਣ ਤਾਂ ਅਮਰੀਕਾ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਪਿਛਲੇ ਸੱਤ ਮਹੀਨਿਆਂ ਤੋਂ ਜਿਹੜਾ ਸ਼ਾਂਤਮਈ ਅੰਦੋਲਨ ਭਾਰਤ ’ਚ ਕਿਸਾਨਾਂ ਵਲੋਂ ਚਲਾਇਆ ਜਾ ਰਿਹਾ ਹੈ, ਅਜਿਹਾ ਦੁਨੀਆ ਦੇ ਇਤਿਹਾਸ ’ਚ ਕਦੇ ਵੀ ਇੰਨਾ ਲੰਬਾ ਸ਼ਾਂਤਮਈ ਸੰਘਰਸ਼ ਨਹੀਂ ਚੱਲਿਆ।